India Khetibadi Punjab

‘ਅਸੀਂ ਨਹੀਂ ਜਾਣਾ ਸ਼ੰਭੂ ਤੇ ਖਨੌਰੀ’ ! ‘ਫਿਰ ਕਹਿਣਗੇ ਸਾਡਾ ਅੰਦੋਲਨ ਖਰਾਬ ਕਰ ਦਿੱਤਾ’ ਕੱਲ ਕਾਲਾ ਦਿਨ,ਇਸ ਦੇਸ਼ ‘ਚ ਟਰੈਕਟਰ ਮਾਰਚ,ਫਿਰ ਦਿੱਲੀ ਜਾਵਾਂਗੇ

ਬਿਉਰੋ ਰਿਪੋਰਟ : ਸੰਯੁਕਤ ਕਿਸਾਨ ਮੋਰਚੇ ਨੇ ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਕਿਸਾਨਾਂ ਖਿਲਾਫ ਹੋਏ ਹਮਲੇ ਨੂੰ ਲੈਕੇ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹੋਏ ਆਪਣੀ ਰਣਨੀਤੀ ਦਾ ਵੀ ਐਲਾਨ ਕੀਤਾ ਹੈ। ਇਸ ਦੌਰਾਨ SKM ਨੇ ਸਾਫ ਕਰ ਦਿੱਤਾ ਹੈ ਕਿ ਉਹ ਸ਼ੰਭੂ ਅਤੇ ਖਨੌਰੀ ਮੋਰਚੇ ਵਿੱਚ ਸ਼ਾਮਲ ਨਹੀਂ ਹੋਣਗੇ । ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਜੇਕਰ ਅਸੀਂ ਉਨ੍ਹਾਂ ਦੇ ਅੰਦੋਲਨ ਵਿੱਚ ਚੱਲੇ ਗਏ ਤਾਂ ਕੱਲ ਨੂੰ ਉਹ ਕਹਿ ਸਕਦੇ ਹਨ ਕਿ ਸਾਡਾ ਅੰਦੋਲਨ ਖਰਾਬ ਕਰ ਦਿੱਤਾ । ਅਸੀਂ ਪਹਿਲਾਂ ਵੀ ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ । ਪਰ ਉਨ੍ਹਾਂ ਨੇ ਆਪਣਾ ਪ੍ਰੋਗਰਾਮ ਦੇ ਦਿੱਤਾ । ਅਸੀਂ ਤਾਲਮੇਲ ਦੇ ਲਈ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ । ਜਦੋਂ SKM ਦੇ ਆਗੂਆਂ ਨੂੰ ਪੁੱਛਿਆ ਗਿਆ ਕਿ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਿਹੜੇ ਵੀ ਸਾਡੇ ਨਾਲ ਜ਼ਾਬਤੇ ਵਿੱਚ ਰਹਿਕੇ ਅੰਦੋਲਨ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਉਨ੍ਹਾਂ ਦਾ ਸੁਆਗਤ ਹੈ ਤਾਂ BKU ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਅਸੀਂ ਸਾਰੇ ਕਿਸਾਨਾਂ ਦੇ ਮੁੱਦੇ ‘ਤੇ ਇਕੱਠੇ ਹੋਏ ਹਾਂ, ਹਾਲਾਂਕਿ ਕਈ ਮੁੱਦਿਆਂ ਨੂੰ ਲੈਕੇ ਸਾਡੇ ਵਿੱਚ ਮਤਭੇਦ ਹਨ । ਜਦੋਂ ਪਹਿਲੇ ਦਿਨ ਸ਼ੰਭੂ ਅਤੇ ਖਨੌਰੀ ‘ਤੇ ਪੁਲਿਸ ਵੱਲੋਂ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤਾਂ ਅਸੀਂ ਉਨ੍ਹਾਂ ਦੇ ਹੱਕ ਵਿੱਚ ਖੜੇ ਹੋਏ ਸੀ। ਇਸ ਤੋਂ ਇਲਾਵਾ SKM ਨੇ ਆਪਣਾ ਪ੍ਰੋਗਰਾਮ ਵੀ ਐਲਾਨ ਕੀਤਾ ਹੈ।

SKM ਨੇ ਐਲਾਨੇ 3 ਪ੍ਰੋਗਰਾਮ

23 ਫਰਵਰੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ,ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਪੁਤਲਾ ਦੇਸ਼ ਭਰ ਵਿੱਚ ਫੂਕਿਆ ਜਾਵੇਗਾ । ਇਸ ਤੋਂ ਇਲਾਵਾ ਕੱਲ ਦਾ ਦਿਨ ਕਾਲਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। MSP ਗਰੰਟੀ ਕਾਨੂੰਨ,ਕਿਸਾਨਾਂ ਦਾ ਕਰਜ਼ਾ ਮੁਆਫ ਸਮੇਤ ਹੋਰ ਮੰਗਾਂ ਨੂੰ ਲੈਕੇ SKM 26 ਫਰਵਰੀ ਨੂੰ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ ਕੱਢੇਗਾ,ਇਸ ਤੋਂ ਇਲਾਵਾ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮਹਾ ਪੰਚਾਇਤ ਦਾ ਐਲਾਨ ਕੀਤਾ ਗਿਆ ਹੈ । ਜਦੋਂ ਰਾਜੇਵਾਲ ਨੂੰ ਪੁੱਛਿਆ ਗਿਆ ਕਿ ਜੇਕਰ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਦਾ ਸਟੈਂਡ ਕੀ ਹੋਵੇਗਾ ਤਾਂ ਰਾਜੇਵਾਲ ਨੇ ਕਿਹਾ ਮੌਕੇ ‘ਤੇ ਵੇਖਿਆ ਜਾਵੇਗਾ ।

ਖਨੌਰ ਬਾਰਡਰ ‘ਤੇ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਨੂੰ ਲੈਕੇ SKM ਨੇ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਇਸ ਦੀ ਜੁਡੀਸ਼ਲ ਜਾਂਚ ਹੋਵੇ ਕਿ ਹਰਿਆਣਾ ਪੁਲਿਸ ਸਾਡੀ ਸਰਹੱਦ ਵਿੱਚ ਕਿਵੇਂ ਆਈ । ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਖਿਲਾਫ 302 ਦਾ ਪਰਚਾ ਦਰਜ ਕੀਤਾ ਜਾਵੇ । ਸਿਰਫ਼ ਇੰਨਾਂ ਹੀ ਨਹੀਂ ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਤੀਫਾ ਮੰਗ ਲਿਆ ਹੈ । ਕਿਸਾਨ ਆਗੂਆਂ ਨੇ ਸ਼ੁਭਕਰਨ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਕ ਕਰੋੜ ਦਾ ਮੁਆਵਜ਼ਾ ਅਤੇ ਨੌਕਰੀ ਪਰਿਵਾਰ ਨੂੰ ਦਿੱਤੀ ਜਾਵੇ।