ਸ਼ੰਭੂ : ਅੱਜ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਕਿਸਾਨ ਨੇਤਾ ਰੁਲਦੂ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਉੱਤੇ ਅੱਜ ਕਿਸੇ ਤਰ੍ਹਾਂ ਦਾ ਕੋਈ ਹਮਲਾ ਕੀਤਾ ਤਾਂ ਭਾਰਤ ਪਾਕਿਸਤਾਨ ਦੀ ਜੰਗ ਵਾਲਾ ਹਾਲ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਵਧਣ ਅਤੇ ਆਪਣੀਆਂ ਮੰਗਾਂ ਲਈ ਧਰਨਾ ਜਾਰੀ ਰੱਖਣ।
ਉਨ੍ਹਾਂ ਦੱਸਿਆ ਕਿ ਭਲਕੇ ਚੰਡੀਗੜ੍ਹ ਵਿੱਚ ਦੇਸ਼ ਭਰ ਦੇ ਕਿਸਾਨ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਹੋਵੇਗੀ, ਜਿਸ ਵਿੱਚ ਇਸ ਅੰਦੋਲਨ ਸਬੰਧੀ ਵੱਡੀ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਅੰਦੋਲਨਾਂ ਦੀ ਹਮੇਸ਼ਾ ਸ਼ਾਂਤਮਈ ਢੰਗ ਨਾਲ ਜਿੱਤ ਹੁੰਦੀ ਹੈ, ਜਿਸ ਲਈ ਕਿਸਾਨ ਸ਼ਾਂਤੀਪੂਰਵਕ ਦਿੱਲੀ ਵੱਲ ਵਧੇ।
ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਸਰਕਾਰ ਨੇ ਪਿਛਲੇ ਸਮੇਂ ਵਿੱਚ ਮੰਨ ਲਈਆਂ ਸਨ, ਪਰ ਅਜੇ ਤੱਕ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ। ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸਾਨ ਆਗੂਆਂ ਦਾ ਕੋਈ ਫ਼ੋਨ ਆਇਆ ਤਾਂ ਉਹ ਮੀਟਿੰਗ ਤੋਂ ਬਾਅਦ ਅੰਦੋਲਨ ਵਿੱਚ ਕੁੱਦਣਗੇ।
ਰੁਲਦੇ ਸਿੰਘ ਮਾਨਸਾ ਨੇ ਕਿਹਾ ਕਿ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੀਆਂ ਨੇ ਤੇ ਸਾਡੀ ਵੀ ਇਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਪੂਰਨ ਹਮਾਇਤ ਹੈ। ਅਸੀਂ ਪੰਜਾਬ ਵਿੱਚ ਭਾਜਪਾ ਆਗੂਆਂ ਦੇ ਘਰਾਂ ਤੇ ਦਫ਼ਤਰਾਂ ਦਾ ਘਿਰਾਓ ਕੀਤਾ ਹੋਇਆ ਹੈ ਤੇ ਜੇਕਰ ਸਾਡੇ ਕਿਸਾਨਾਂ ਦਾ ਸਾਨੂੰ ਸੱਦਾ ਆਉਂਦਾ ਹੈ ਤਾਂ ਮੀਟਿੰਗ ਤੋਂ ਬਾਅਦ ਸਖਤ ਫੈਸਲਾ ਲਿਆ ਜਾਵੇਗਾ। ਕੇਂਦਰ ਸਰਕਾਰ ਵੱਲੋਂ ਦਾਲਾਂ ਮੱਕੀ ਅਤੇ ਕਪਾਹ ਦੀ ਫਸਲ ਤੇ ਐਮਐਸਪੀ ਦੇਣ ਦੇ ਭਰੋਸੇ ਉਤੇ ਰੁਲਦੂ ਸਿੰਘ ਨੇ ਕਿਹਾ ਕਿ ਕਾਰਪੋਰੇਟਾਂ ਦੇ ਇਸ਼ਾਰੇ ਉਤੇ ਸਰਕਾਰ ਚੱਲ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ ਅੰਦੋਲਨ ਦੇ ਦੌਰਾਨ 500 ਕਿਸਾਨ ਜਥੇਬੰਦੀਆਂ ਸੀ ਪਰ ਇਸ ਵਾਰ 17 ਕਿਸਾਨ ਜਥੇਬੰਦੀਆਂ ਹਨ ਅਤੇ ਮੰਗਾਂ ਇੱਕੋ ਹਨ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਹੀ ਜਥੇਬੰਦੀਆਂ ਜਲਦ ਹੀ ਕੋਈ ਵੱਡਾ ਫੈਸਲਾ ਲੈਣਗੀਆਂ ਤੇ ਆਪਣੇ ਕਿਸਾਨ ਜਥੇਬੰਦੀਆਂ ਦੀ ਪਿੱਠ ਨਹੀਂ ਲੱਗਣ ਦੇਣਗੀਆਂ।