ਬਿਉਰੋ ਰਿਪੋਰਟ : ਕੈਨੇਡਾ ਸਰਕਾਰ ਨੇ 35 ਫੀਸਦੀ ਇਮੀਗਰੇਸ਼ਨ ਘੱਟ ਕਰਨ ਦਾ ਐਲਾਨ ਕਰ ਦਿੱਤਾ ਸੀ । ਪਰ ਜਿਸ ਸੂਬੇ ਵਿੱਚ ਸਭ ਤੋਂ ਵੱਧ ਪੰਜਾਬੀ ਵਸੋ ਹੈ ਉਸ ਨੇ ਇੱਕ ਕਦਮ ਵੱਧ ਕੇ ਵੱਡਾ ਐਲਾਨ ਕਰ ਦਿੱਤਾ ਹੈ । ਬ੍ਰਿਟਿਸ਼ ਕੋਲੰਬੀਆਂ ਨੇ ਅਗਲੇ 2 ਸਾਲਾਂ ਯਾਨੀ 2026 ਤੱਕ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਲਈ ਨਵੇਂ ਕਾਲਜਾਂ ਨੂੰ ਮਨਜ਼ੂਰੀ ਦੇਣ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਹੈ । ਬ੍ਰਿਟਸ਼ ਕੋਲੰਬੀਆ ਯੂਨੀਵਰਸਿਟੀ,ਸਾਈਮਨ ਫਰੇਜ਼ਰ ਯੂਨੀਵਰਸਿਟੀ ਅਤੇ ਵਿਕਟੋਰੀਆ ਯੂਨੀਵਰਸਿਟੀ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਵਿਦਿਆਰਥੀ ਪੜਾਈ ਕਰਦੇ ਹਨ ।
ਦਰਅਸਲ ਬ੍ਰਿਟਿਸ਼ ਕੋਲੰਬੀਆ ਪ੍ਰਾਈਵੇਟ ਸੰਸਥਾਵਾਂ ਵਿੱਚ ਘੱਟੋ-ਘੱਟ ਭਾਸ਼ਾ ਦੀ ਜ਼ਰੂਰਤ ਨੂੰ ਲਾਗੂ ਕਰਨ ਅਤੇ ਨੌਕਰੀ ਦੇ ਬਜ਼ਾਰ ਵਿੱਚ ਡਿਗਰੀ ਦੀ ਕੁਆਲਿਟੀ ਨੂੰ ਵਧਾਉਣ ਦੇ ਲਈ ਅਜਿਹਾ ਕਰ ਰਿਹਾ ਹੈ । ਸੂਬੇ ਦੀ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਇਹ ਫੈਸਲਾ ਇਸ ਲਈ ਲਿਆ ਹੈ ਤਾਂਕੀ ਫਰਜ਼ੀ ਸੰਸਥਾਵਾਂ ਤੋਂ ਵਿਦਿਆਰਥੀਆਂ ਨੂੰ ਬਚਾਇਆ ਜਾ ਸਕੇ ਅਤੇ ਸੂਬੇ ਵਿੱਚ ਪੋਸਟ ਸੈਕੰਡਰੀ ਸਿੱਖਿਆ ਦੀ ਕੁਆਲਿਟੀ ਵਿੱਚ ਸੁਧਾਰ ਲਿਆ ਜਾ ਸਕੇ ।
ਕੈਨੇਡਾ ਵਿੱਚ ਇਸ ਵੇਲੇ ਪੰਜਾਬੀਆਂ ਦੀ ਗਿਣਤੀ 9 ਲੱਖ 42 ਹਜ਼ਾਰ ਦੇ ਨਜ਼ਦੀਕ ਹੈ,ਸਭ ਤੋਂ ਵੱਧ ਪੰਜਾਬੀ ਓਟਾਰੀਓ ਵਿੱਚ 397,865 ਹਨ ਜਦਕਿ ਦੂਜੇ ਨੰਬਰ ‘ਤੇ ਬ੍ਰਿਟਿਸ਼ ਕੋਲੰਬੀਆ ਹੈ ਜਿੱਥੇ 315,000 ਪੰਜਾਬੀ ਹਨ ਜਦਕਿ ਐਲਬੇਟਾ ਵਿੱਚ 126,385 ਪੰਜਾਬੀ ਅਬਾਦੀ ਹੈ । ਬ੍ਰਿਟਿਸ਼ ਕੋਲੰਬਿਆ ਵੱਲੋਂ 2 ਸਾਲ ਲਈ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ‘ਤੇ ਲਗਾਈ ਗਈ ਰੋਕ ਨੂੰ ਟਰੂਡੋ ਸਰਕਾਰ ਦੀ ਇਮੀਗਰੈਂਟ ਨੂੰ ਘੱਟ ਕਰਨ ਦੀ ਨੀਤੀ ਦੇ ਰੂਪ ਵਿੱਚ ਹੀ ਵੇਖਿਆ ਜਾ ਰਿਹਾ ਹੈ ।
ਪਿਛਲੇ ਹਫਤੇ ਹੀ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਸਰਕਾਰ 35 ਫੀਸਦੀ ਇਮੀਗਰੇਸ਼ਨ ਨੂੰ ਘਟਾਉਣ ਜਾ ਰਹੀ ਹੈ,ਯਾਨੀ ਇਸ ਸਾਲ 3,60000 ਇਮੀਗਰੈਂਟ ਨੂੰ ਕੈਨੇਡਾ ਆਉਣ ਦਿੱਤਾ ਜਾਵੇਗਾ। ਜਦਕਿ ਪਿਛਲੇ ਸਾਲ 5 ਲੱਖ ਤੋਂ ਵੱਧ ਇਮੀਗਰੈਂਟ ਕੈਨੇਡਾ ਆਏ ਸਨ । ਮਕਾਨ ਨਾ ਹੋਣ ਦੀ ਵਜ੍ਹਾ ਕਰਕੇ ਰਹਿਣ ਦੀ ਪਰੇਸ਼ਾਨੀ ਹੋ ਗਈ ਸੀ। ਮਕਾਨਾਂ ਦੀ ਕੀਮਤ ਅਤੇ ਕਿਰਾਏ ਕਾਫੀ ਵੱਧ ਗਏ ਸਨ । ਇਸ ਦਾ ਅਸਰ ਕਿਧਰੇ ਨਾ ਕਿਧਰੇ ਸਿਹਤ ਯੋਜਨਾ ‘ਤੇ ਵੀ ਨਜ਼ਰ ਆ ਰਿਹਾ ਸੀ। ਸਿਰਫ਼ ਇੰਨਾਂ ਹੀ ਨਹੀਂ ਨੌਕਰੀ ਨੂੰ ਲੈਕੇ ਵੱਡੀ ਪਰੇਸ਼ਾਨੀ ਦੇਸ਼ ਦੇ ਸਾਹਮਣੇ ਖੜੀ ਹੋ ਗਈ ਸੀ । ਵਿਰੋਧੀ ਧਿਰ ਦੇ ਘੇਰਨ ਤੋਂ ਬਾਅਦ ਟਰੂਡੋ ਸਰਕਾਰ ਨੇ ਇਮੀਗਰੈਂਟ ਨੂੰ 35 ਫੀਸਦੀ ਘੱਟ ਕਰਨ ਦਾ ਐਲਾਨ ਕੀਤਾ ਸੀ।