ਲੁਧਿਆਣਾ ਵਿੱਚ ਬੀਤੀ ਰਾਤ ਇੱਕ ਟਰੱਕ ਡਰਾਈਵਰ ਵੱਲੋਂ ਕਥਿਤ ਤੋਰ ਉੱਤੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਪੱਖੇ ਨਾਲ ਬੰਨ੍ਹੀ ਰੱਸੀ ਨਾਲ ਲਟਕਦੀ ਮਿਲੀ। ਪੁਲਿਸ ਨੂੰ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਇਸ ਵਿੱਚ ਡਰਾਈਵਰ ਨੇ ਆਪਣੀ ਮੌਤ ਲਈ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਤਨੀ ਦੇ ਪ੍ਰੇਮੀ ਨਾਲ ਫ਼ਰਾਰ ਹੋ ਜਾਣ ਕਾਰਨ ਡਰਾਈਵਰ ਪਰੇਸ਼ਾਨ ਰਹਿੰਦਾ ਸੀ । ਉਸ ਦਾ ਵਿਆਹ 3 ਸਾਲ ਪਹਿਲਾਂ ਹੀ ਹੋਇਆ ਸੀ। ਦੋਵਾਂ ਦੇ ਅਜੇ ਕੋਈ ਔਲਾਦ ਨਹੀਂ ਸੀ। ਫ਼ਿਲਹਾਲ ਪੁਲਿਸ ਜਾਂਚ ‘ਚ ਜੁਟੀ ਹੋਈ ਹੈ। ਲਾਸ਼ ਦਾ ਪੋਸਟਮਾਰਟਮ ਬੁੱਧਵਾਰ ਨੂੰ ਹੋਵੇਗਾ।
ਜਾਣਕਾਰੀ ਅਨੁਸਾਰ ਪਿੰਡ ਭਾਮੀਆਂ ਕਲਾਂ ਦਾ ਰਹਿਣ ਵਾਲਾ ਕਰਨ ਕੈਂਥ ਰਾਤ ਨੂੰ ਆਪਣੇ ਕਮਰੇ ਵਿੱਚ ਸੀ। ਇਸ ਦੌਰਾਨ ਜਦੋਂ ਉਸ ਦਾ ਭਰਾ ਉਸ ਨੂੰ ਬੁਲਾਉਣ ਆਇਆ ਤਾਂ ਉਸ ਨੇ ਪੱਖੇ ਨਾਲ ਰੱਸੀ ਬੰਨ੍ਹੀ ਹੋਈ ਸੀ। ਉਸ ਨੇ ਰੌਲਾ ਪਾਇਆ ਤਾਂ ਉਸ ਦੇ ਪਰਿਵਾਰਕ ਮੈਂਬਰ ਅਤੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਕਰਨ ਦੀ ਮੌਤ ਹੋ ਗਈ ਸੀ। ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਹਾਲਾਂਕਿ ਇਸ ਤੋਂ ਪਹਿਲਾਂ ਹੀ ਲਾਸ਼ ਨੂੰ ਕੱਢ ਕੇ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਥਾਣਾ ਜਮਾਲਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਦੇਰ ਰਾਤ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਪੁਲਿਸ ਮੁਤਾਬਕ ਕਰਨ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਹੈ। ਇਸ ਵਿਚ ਉਸ ਨੇ ਆਪਣੀ ਮੌਤ ਲਈ ਆਪਣੀ ਪਤਨੀ ਕਿਰਨ ਦੀਪ ਅਤੇ ਉਸ ਦੇ ਪ੍ਰੇਮੀ ਸੰਦੀਪ ਨੂੰ ਜ਼ਿੰਮੇਵਾਰ ਠਹਿਰਾਇਆ। ਖੁਦਕੁਸ਼ੀ ਨੋਟ ਨੂੰ ਜਾਂਚ ਲਈ ਫੋਰੈਂਸਿਕ ਲੈਬ ਨੂੰ ਭੇਜਿਆ ਜਾਵੇਗਾ।
ਪਰਿਵਾਰਕ ਮੈਂਬਰਾਂ ਅਨੁਸਾਰ ਕਰਨ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ। ਥਾਣਾ ਜਮਾਲਪੁਰ ਦੇ ਜਾਂਚ ਅਧਿਕਾਰੀ ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਕਮਰੇ ਦੀ ਜਾਂਚ ਕਰਨ ’ਤੇ ਉਸ ਕੋਲੋਂ ਸੁਸਾਈਡ ਨੋਟ ਮਿਲਿਆ। ਇਸ ‘ਚ ਕਰਨ ਨੇ ਆਪਣੀ ਪਤਨੀ ਅਤੇ ਆਪਣੇ ਪ੍ਰੇਮੀ ਸੰਦੀਪ ਦਾ ਨਾਂ ਲਿਖਿਆ ਹੈ। ਏਐਸਆਈ ਦਿਲਬਾਗ ਸਿੰਘ ਅਨੁਸਾਰ ਮ੍ਰਿਤਕ ਨੌਜਵਾਨ ਕਰਨ ਦੇ ਪਿਤਾ ਬਿੱਕਰ ਸਿੰਘ ਦੇ ਬਿਆਨਾਂ ’ਤੇ ਉਸ ਦੀ ਪਤਨੀ ਕਿਰਨਦੀਪ ਅਤੇ ਪ੍ਰੇਮੀ ਸੰਦੀਪ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।
ਮੀਡੀਆ ਰਿਪੋਰਟ ਦੇ ਮੁਤਾਬਕ ਪਤਾ ਲੱਗਾ ਹੈ ਕਿ ਕਿਰਨ ਦੀਪ ਅਤੇ ਸੰਦੀਪ ਕਾਫ਼ੀ ਸਮੇਂ ਤੋਂ ਇਕ-ਦੂਜੇ ਨੂੰ ਜਾਣਦੇ ਸਨ। ਜਦੋਂ ਕਰਨ ਨੂੰ ਉਨ੍ਹਾਂ ਦੀ ਦੋਸਤੀ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਚਿੰਤਤ ਹੋ ਗਿਆ। ਕਈ ਵਾਰ ਝਗੜੇ ਹੋਏ। ਆਖ਼ਰਕਾਰ ਜਦੋਂ ਘਰੇਲੂ ਕਲੇਸ਼ ਵਧਣ ਲੱਗਾ ਤਾਂ ਕਰਨ ਨੇ ਮੌਤ ਨੂੰ ਗਲੇ ਲਗਾ ਲਿਆ। ਪੁਲਿਸ ਕਿਰਨ ਦੀਪ ਅਤੇ ਸੰਦੀਪ ਦੋਵਾਂ ਦੇ ਕਾਲ ਡਿਟੇਲ ਦੀ ਜਾਂਚ ਕਰ ਰਹੀ ਹੈ। ਫ਼ਿਲਹਾਲ ਪੁਲਿਸ ਦੋਸ਼ੀ ਸੰਦੀਪ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।