Punjab

ਨਹੀਂ ਰਹੀ ਕਪੂਰਥਲਾ ਦੀ ਮਹਾਰਾਣੀ, ਦਿੱਲੀ ਰਿਹਾਇਸ਼ ‘ਚ ਲਏ ਆਖ਼ਰੀ ਸਾਹ

The Maharani of Kapurthala is no more, took her last breath in Delhi residence

ਨਵੀਂ ਦਿੱਲੀ : ਮਹਾਰਾਣੀ ਕਪੂਰਥਲਾ ਗੀਤਾ ਦੇਵੀ ਦਾ ਵੀਰਵਾਰ ਦੇਰ ਰਾਤ ਦਿੱਲੀ ਵਿੱਚ ਦੇਹਾਂਤ ਹੋ ਗਿਆ। ਉਹ ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਦੀ ਮਾਤਾ ਤੇ ਮਹਾਰਾਜਾ ਕਪੂਰਥਲਾ ਬ੍ਰਿਗੇਡੀਅਰ ਸੁਖਜੀਤ ਸਿੰਘ ਦੀ ਪਤਨੀ ਸਨ। ਮੀਡੀਆ ਰਿਪੋਰਟ 86 ਸਾਲਾ ਗੀਤਾ ਦੇਵੀ ਦਾ ਸੰਖੇਪ ਬਿਮਾਰੀ ਤੋਂ ਬਾਅਦ ਗ੍ਰੇਟਰ ਕੈਲਾਸ਼ ਸਥਿਤ ਆਪਣੇ ਘਰ ਵਿੱਚ ਮੌਤ ਹੋਈ। ਉਨ੍ਹਾਂ ਦੇ ਪਰਿਵਾਰ ਵਿੱਚ ਪਤੀ ਮਹਾਰਾਜਾ ਸੁਖਜੀਤ ਸਿੰਘ, ਪੁੱਤਰ ਟਿੱਕਾ ਰਾਜਾ ਸ਼ਤਰੂਜੀਤ ਸਿੰਘ ਅਤੇ ਬੇਟੀਆਂ ਐੱਮਕੇ ਗਾਇਤਰੀ ਦੇਵੀ ਅਤੇ ਐੱਮਕੇ ਪ੍ਰੀਤੀ ਦੇਵੀ ਹਨ। ਮਹਾਰਾਣੀ ਦਾ ਅੰਤਿਮ ਸਸਕਾਰ ਅੱਜ ਦਿੱਲੀ ‘ਚ ਹੋਵੇਗਾ।

ਪੁੱਤਰ ਨੇ ਅਕਾਲ ਚਲਾਣੇ ਬਾਰੇ ਦਿੱਤੀ ਇਹ ਜਾਣਕਾਰੀ

ਮਹਾਰਾਣੀ ਗੀਤਾ ਦੇਵੀ ਨੂੰ ਦੇਸ਼ ਦੀਆਂ ਚੁਣੀਆਂ ਗਈਆਂ ਉੱਚ-ਸਤਿਕਾਰ ਵਾਲੀਆਂ ਔਰਤਾਂ ਵਿਚ ਗਿਣਿਆ ਜਾਂਦਾ ਸੀ। ਮਹਾਰਾਣੀ ਗੀਤਾ ਦੇਵੀ ਦੇ ਅਕਾਲ ਚਲਾਣੇ ਬਾਰੇ ਉਨ੍ਹਾਂ ਦੇ ਪੁੱਤਰ ਅਤੇ ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਨੇ ਦੱਸਿਆ ਕਿ ਮਹਾਰਾਣੀ ਸਾਹਿਬਾ ਨੂੰ ਵੀਰਵਾਰ ਦੇਰ ਸ਼ਾਮ ਦਿਲ ਦੀ ਕੋਈ ਤਕਲੀਫ਼ ਮਹਿਸੂਸ ਹੋਈ ਤਾਂ ਉਹ ਤੁਰੰਤ ਉਨ੍ਹਾਂ ਨੂੰ ਹਸਪਤਾਲ ਲੈ ਗਏ ਪਰ ਮਹਾਰਾਣੀ ਸਾਹਿਬਾ ਘਰ ਹੀ ਰਹਿਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਅਤੇ ਸ਼ਾਮ 7.15 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ ਅਤੇ ਸਾਨੂੰ ਸਦੀਵੀ ਵਿਛੋੜਾ ਦੇ ਗਏ।

ਮਹਾਰਾਣੀ ਗੀਤਾ ਦੇਵੀ ਦੇ ਦੇ ਦੇਹਾਂਤ ‘ਤੇ ਬੀਕਾਨੇਰ ਦੀ ਰਾਜਕੁਮਾਰੀ ਰਾਜਸ਼੍ਰੀ ਕੁਮਾਰੀ, ਗੁਜਰਾਤ ਰਿਆਸਤ ਦੇ ਯੁਵਰਾਜ ਜਸਡਨ, ਗਵਾਲੀਅਰ ਰਿਆਸਤ ਦੇ ਰਾਜਕੁਮਾਰ, ਪਟਿਆਲਾ ਰਿਆਸਤ ਦੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਬੜੌਦਾ, ਜੈਪੁਰ, ਜੋਧਪੁਰ ਆਦਿ ਰਿਆਸਤਾਂ ਦੇ ਰਾਜਕੁਮਾਰਾਂ ਅਤੇ ਰਾਜਿਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਹਾਰਾਣੀ ਗੀਤਾ ਦੇਵੀ ਉਨ੍ਹਾਂ ਦੀਆਂ ਯਾਦਾਂ ਵਿਚ ਹਮੇਸ਼ਾ ਜ਼ਿੰਦਾ ਰਹੇਗੀ।