Punjab

‘ਮੈਨੂੰ CM ਮਾਨ ਨੇ ਫੋਨ ਕਰਕੇ ਕਿਹਾ ਅੱਜ ਨਹੀਂ 15 ਨੂੰ ਮਿਲ ਕੇ ਬੱਸ ਅੱਡੇ ਦਾ ਉਦਘਾਟਨ ਕਰਾਂਗੇ’!

ਬਿਉਰੋ ਰਿਪੋਰਟ : ਗੁਰਦਾਸਪੁਰ ਦੇ ਨਵੇਂ ਬੱਸ ਅੱਡੇ ਦੇ ਉਦਘਾਟਨ ਨੂੰ ਲੈਕੇ ਕਾਂਗਰਸ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਸੀਐੱਮ ਮਾਨ ‘ਤੇ ਵਾਅਦਾ ਖਿਲਾਫੀ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪ ਫੋਨ ਕਰਕੇ ਕਿਹਾ ਕਿ ਮੈਂ ਗੁਰਦਾਸਪੁਰ ਆ ਰਿਹਾ ਹਾਂ ਪਰ ਮੈਂ ਬੱਸ ਅੱਡੇ ਦਾ ਉਦਘਾਟਨ ਨਹੀਂ ਕਰਾਂਗਾ । ਤੁਸੀਂ ਬਹੁਤ ਮਿਹਨਤ ਨਾਲ ਪ੍ਰੋਜੈਕਟ ਨੂੰ ਪੂਰਾ ਕੀਤਾ ਹੈ ਅਸੀਂ ਦੋਵੇ ਭਰਾ 10 ਅਤੇ 15 ਦਸਬੰਰ ਦੇ ਵਿਚਾਲੇ ਇਸ ਦਾ ਉਦਘਾਟਨ ਕਰਾਂਗੇ । ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਨਾਲ ਮਿਲ ਕੇ ਉਦਘਾਟਨ ਕਰ ਦਿੱਤਾ ਹੈ ਯਾਨੀ ਉਹ ਆਪਣੀ ਜ਼ਬਾਨ ਤੋਂ ਪਲਟ ਗਏ ਹਨ ।

ਵਿਧਾਇਕ ਪਾਹੜਾ ਨੇ ਕਿਹਾ ਮੈਂ ਵਿਧਾਨਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ ਕਿ ਇੱਕ ਸਾਲ ਤੋਂ ਬੱਸ ਅੱਡਾ ਬਣ ਕੇ ਤਿਆਰ ਹੈ ਇਸ ਦਾ ਉਦਘਾਟਨ ਜਲਦ ਕੀਤਾ ਜਾਵੇ। ਜਦਕਿ ਇਸ ਤੋਂ ਪਹਿਲਾਂ 2 ਜੂਨ ਨੂੰ ਮੁੱਖ ਮੰਤਰੀ ਨੇ ਸਬੰਧਿਤ ਲੋਕਾਂ ਨੂੰ ਈ-ਮੇਲ ਲਿਖ ਕੇ ਬੱਸ ਅੱਡੇ ਦੇ ਉਦਘਾਟਨ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਸੀ ।

ਵਿਧਾਇਕ ਨੇ ਕਿਹਾ ਸ਼ਨਿੱਚਰਵਾਰ ਨੂੰ ਬੱਸ ਅੱਡੇ ਦੇ ਉਦਘਾਟਨ ਸਮਾਗਮ ਦਾ ਐਲਾਨ ਹੋਣ ਦੇ ਬਾਅਦ ਉਨ੍ਹਾਂ ਨੇ ਸ਼ੁੱਕਵਾਰ ਨੂੰ ਮੁੱਖ ਸਕੱਤਰ ਪੰਜਾਬ ਅਤੇ ਡੀਸੀ ਗੁਰਦਾਸਪੁਰ ਨੂੰ ਉਦਘਾਟਨ ਸਮਾਗਮ ਵਿੱਚ ਸ਼ਾਮਲ ਹੋਣ ਸਬੰਧੀ ਗੱਲ ਕੀਤੀ । ਤਾਂ ਸ਼ਨਿੱਚਰਵਾਰ ਸਵੇਰ ਪੁਲਿਸ ਅਧਿਕਾਰੀ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਨਜ਼ਰ ਬੰਦ ਕਰ ਲਿਆ ਗਿਆ ।

DC ਨੇ ਕਿਹਾ CM ਗੱਲ ਕਰਨਾ ਚਾਹੁੰਦੇ ਹਨ

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਨਾ ਕੋਈ ਟਵੀਟ ਨਾ ਹੀ ਮੈਸੇਜ। ਇਸ ਦੇ ਬਾਅਦ ਮੁੱਖ ਮੰਤਰੀ ਦੇ OSD ਰਾਜਬੀਰ ਸਿੰਘ ਦੇ ਨੰਬਰ ਤੋਂ ਫੋਨ ਆਇਆ। ਪਰ ਨੰਬਰ ਪਤਾ ਨਾ ਹੋਣ ਦੀ ਵਜ੍ਹਾ ਕਰਕੇ ਫੋਨ ਅਟੈਂਡ ਨਹੀਂ ਕੀਤਾ । ਫਿਰ ਬਾਅਦ ਵਿੱਚੋ ਮੈਨੂੰ ਡੀਸੀ ਨੇ ਦੱਸਿਆ ਕਿ ਮੁੱਖ ਮੰਤਰੀ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ । ਇਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਮੁੱਖ ਮੰਤਰੀ ਦਾ ਫੋਨ ਆਇਆ ਉਨ੍ਹਾਂ ਕਿਹਾ ਕਿ ਅੱਜ ਅਸੀਂ ਬੱਸ ਅੱਡੇ ਦਾ ਉਦਘਾਟਨ ਨਹੀਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ 15 ਦਸੰਬਰ ਨੂੰ ਉਹ ਮੁੜ ਗੁਰਦਾਸਪੁਰ ਆ ਰਹੇ ਹਨ ਅਤੇ ਦੀਨਾ ਨਗਰ ਤਹਿਸੀਲ ਦੇ ਨਾਲ ਬੱਸ ਅੱਡੇ ਦਾ ਵੀ ਉਦਘਾਟਨ ਕਰਾਂਗੇ।

CM ਨੂੰ ਪੁੱਛਾਂਗਾ ਵਾਅਦਾ ਖਿਲਾਫੀ ਕਿਉਂ ਕੀਤੀ ?

ਪਾਹੜਾ ਨੇ ਕਿਹਾ ਕਿ ਮੈਂ ਇਸ ਸਬੰਧ ਵਿੱਚ ਮੁੱਖ ਮੰਤਰੀ ਨਾਲ ਗੱਲ ਕਰਾਂਗਾ ਕਿ ਉਨ੍ਹਾਂ ਨੇ ਵਾਅਦਾ ਖਿਲਾਫੀ ਕਿਉਂ ਕੀਤੀ । ਜਦਕਿ ਉਨ੍ਹਾਂ ਨੇ ਆਪ ਮੁੱਖ ਮੰਤਰੀ ਨਾਲ ਗੱਲ ਨਹੀਂ ਕੀਤੀ ਸੀ ।ਬਲਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਫੋਨ ਕੀਤਾ ਸੀ। ਆਖਿਰ ਅਜਿਹੀ ਕਿਹੜੀ ਮਜ਼ਬੂਰੀ ਹੋ ਗਈ ਸੀ ਕਿ ਉਨ੍ਹਾਂ ਨੂੰ ਵਾਅਦੇ ਤੋਂ ਪਿੱਛੇ ਹਟਣਾ ਪਿਆ ।