Punjab

ਲੱਖਾ ਸਿਧਾਣਾ ਨੂੰ ਲੈਕੇ ਵੱਡੀ ਖਬਰ !

 

ਬਿਉਰੋ ਰਿਪੋਰਟ : ਰਾਮਪੁਰਾ ਫੂਲ ਦੇ ਪ੍ਰਾਈਵੇਟ ਸਕੂਲ ਬਾਹਰ ਪ੍ਰਦਰਸ਼ਨ ਕਰਨ ‘ਤੇ ਲੱਖਾ ਸਿਧਾਣਾ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ । ਦਰਅਸਲ ਲੱਖਾ ਸਿਧਾਣਾ ਦਾ ਇਲਜ਼ਾਮ ਸੀ ਕਿ ਦਿਵਿਆ ਭਾਰਤੀ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਨੂੰ ਪ੍ਰਿੰਸੀਪਲ ਅਤੇ ਸਕੂਲ ਮੈਨੇਜਮੈਂਟ ਪੰਜਾਬੀ ਬੋਲਣ ਅਤੇ ਕੜਾ ਪਾਉਣ ‘ਤੇ ਜੁਰਮਾਨਾ ਲਗਾਉਂਦੀ ਹੈ । ਬੱਚੇ ਅਤੇ ਮਾਪੇ ਇਸ ਦੇ ਖਿਲਾਫ ਸਕੂਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ । ਜਿਸ ਵਿੱਚ ਸ਼ਾਮਲ ਹੋਏ ਲੱਖਾ ਸਿਧਾਣਾ ਅਤੇ ਪਰਮਿੰਦਰ ਸਿੰਘ ਝੋਟਾ ਨੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ।

ਲੱਖਾ ਸਿਧਾਣਾ ਨੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਨੂੰ ਪੁੱਛਿਆ ਕਿ ਕਿ ਤੁਸੀਂ ਕਿਵੇਂ ਪੰਜਾਬੀ ਬੋਲਣ ਅਤੇ ਕੜਾ ਪਾਉਣ ‘ਤੇ ਜੁਰਮਾਨਾ ਕੀਤਾ ਤਾਂ ਮੈਨੇਜਮੈਂਟ ਨੇ ਸਾਫ ਇਨਕਾਰ ਕਰ ਦਿੱਤਾ । ਜਦਕਿ ਨਾਲ ਖੜੇ ਬੱਚਿਆਂ ਨੇ ਪ੍ਰਿੰਸੀਪਲ ਦੇ ਸਾਹਮਣੇ ਕਿਹਾ ਕਿ ਉਨ੍ਹਾਂ ਨੂੰ ਕੜਾ ਅਤੇ ਪੰਜਾਬੀ ਬੋਲਣ ਤੋਂ ਰੋਕਿਆ ਜਾਂਦਾ ਹੈ । ਲੱਖਾ ਸਿਧਾਣਾ ਨੇ ਪ੍ਰਿੰਸੀਪਲ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬੀ ਪੜ ਕੇ ਸੁਣਾਉਣ ਤਾਂ ਮੈਨੇਜਮੈਂਟ ਦੇ ਮੈਂਬਰ ਨੇ ਇਸ ਨੂੰ ਜ਼ਰੂਰੀ ਨਹੀਂ ਦੱਸਿਆ । ਉਨ੍ਹਾਂ ਕਿਹਾ ਸਕੂਲ CBSE ਦੀ ਗਾਈਡਲਾਈਨ ਅਧੀਨ ਚੱਲ ਦਾ ਹੈ । ਫਿਰ ਲੱਖਾ ਸਿਧਾਣਾ ਨੇ ਕਿਹਾ CBSE ਦੇ ਸਕੂਲਾਂ ਨੂੰ ਪੰਜਾਬ ਦੀ ਗਾਈਡ ਲਾਈਨ ਦੇ ਹਿਸਾਬ ਨਾਲ ਪੰਜਾਬੀ ਬੋਲਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ ? ਲੱਖਾ ਸਿਧਾਣਾ ਨੇ ਕਿਹਾ ਸਕੂਲ ਦਾ ਪ੍ਰਿੰਸੀਪਲ ਹਿਮਾਚਲ ਤੋਂ ਲਗਾਇਆ ਗਿਆ ਹੈ ਅਤੇ ਸਕੂਲ ਦੇ ਅੰਦਰ RSS ਦੇ ਆਗੂਆਂ ਦੀਆਂ ਫੋਟੋ ਲਗਾਇਆ ਗਈਆਂ ਹਨ,ਜਦਕਿ ਸਕੂਲ ਦੇ ਅੰਦਰ ਭਗਤ ਸਿੰਘ ਦੀ ਫੋਟੋ ਹੋਣੀ ਚਾਹੀਦੀ ਸੀ। ਸਕੂਲ ਦੀ ਡਰੈਸ ‘ਤੇ ਹਿੰਦੀ ਵਿੱਚ ਲਿਖਿਆ ਗਿਆ ਹੈ । ਜਿਸ ਤੋਂ ਬਾਅਦ ਮੈਨੇਜਮੈਂਟ ਨੇ ਜਲੰਧਰ ਵਿੱਚ ਦਿਵਿਆ ਭਾਰਤੀ ਸੁਸਾਇਟੀ ਨੂੰ ਫੋਨ ਕੀਤਾ ਅਤੇ ਪੁਲਿਸ ਮੌਕੇ ‘ਤੇ ਪਹੁੰਚੀ ।

ਬੱਚੇ ਅਤੇ ਮਾਪਿਆਂ ਦਾ ਇਲਜ਼ਾਮ

ਸਕੂਲ ਦੇ ਪ੍ਰਦਰਸ਼ਨ ਕਰ ਰਹੇ ਮਾਪਿਆਂ ਅਤੇ ਵਿਦਿਆਰਥੀਆਂ ਨੇ ਕੈਮਰੇ ਦੇ ਸਾਹਮਣੇ ਆਕੇ ਇਲਜ਼ਾਮ ਲਗਾਇਆ ਕਿ ਨਵੇਂ ਪ੍ਰਿੰਸੀਪਲ ਦੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੰਜਾਬੀ ਬੋਲਣ ਅਤੇ ਕੜਾ ਪਾਉਣ ਤੋਂ ਰੋਕਿਆ ਜਾਂਦਾ ਹੈ । ਪੁਰਾਣੇ ਪਿੰਸੀਪਲ ਦੇ ਸਮੇਂ ਅਜਿਹੀ ਕੋਈ ਰੋਕ ਨਹੀਂ ਸੀ । ਬੱਚਿਆਂ ਨੇ ਦੱਸਿਆ ਕਿ ਸਕੂਲ ਮੈਨੇਜਮੈਂਟ ਕੜੇ ਅਤੇ ਪੰਜਾਬੀ ਨੂੰ ਲੈਕੇ ਸਾਡੇ ‘ਤੇ ਜੁਰਮਾਨਾ ਵੀ ਲਗਾਉਂਦਾ ਹੈ ।

ਪੁਲਿਸ ਨੇ ਲੱਖਾ ਸਿਧਾਣਾ ਨੂੰ ਹਿਰਾਸਤ ਵਿੱਚ ਲਿਆ

ਮੌਕੇ ‘ਤੇ ਪਹੁੰਚੀ ਪੁਲਿਸ ਨੇ ਲੱਖਾ ਸਿਧਾਣਾ ਸਮੇਤ ਉਨ੍ਹਾਂ ਦੇ ਨਾਲ ਮੌਜੂਦ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲਿਆ । ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਨਾਲ ਲੱਖਾ ਸਿਧਾਣਾ ਦੀ ਕਾਫੀ ਦੇਰ ਤੱਕ ਬਹਿਸ ਹੁੰਦੀ ਰਹੀ । ਪੁਲਿਸ ਅਧਿਕਾਰੀ ਨੇ ਕਿਹਾ ਸਕੂਲ CBSE ਅਧੀਨ ਚੱਲ ਰਿਹਾ ਹੈ ਉਸੇ ਦੀਆਂ ਗਾਈਡ ਲਾਈਨ ਫਾਲੋ ਹੋ ਰਹੀਆਂ ਹਨ । ਸਕੂਲ ਮੈਨੇਜਮੈਂਟ ਅਤੇ ਸਿੱਖਿਆ ਵਿਭਾਗ ਨੂੰ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਉਹ ਹੀ ਇਸ ਦਾ ਹੱਲ ਕਰਨਗੇ ।

ਸਕੂਲ ਮੈਨੇਜਮੈਂਟ ਦਾ ਬਿਆਨ

ਸਕੂਲ ਮੈਨੇਜਮੈਂਟ ਦੇ ਪ੍ਰਧਾਨ ਵਰਿੰਦਰ ਗਰਗ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਕੂਲ ਦੇ ਅੰਦਰ ਪੰਜਾਬੀ ਜਾਂ ਫਿਰ ਕੜੇ ਨੂੰ ਲੈਕੇ ਕਿਸ ਤਰ੍ਹਾਂ ਦੀ ਪਾਬੰਦੀ ਨਹੀਂ ਹੈ । ਕੁਝ ਸਮਾਂ ਪਹਿਲਾਂ 4 ਅਧਿਆਪਕਾਂ ਨੇ ਕਿਸੇ ਮਸਲੇ ਨੂੰ ਲੈਕੇ ਅਸਤੀਫਾ ਦਿੱਤਾ ਸੀ ਜਿਸ ਵਿੱਚ ਪ੍ਰਿੰਸੀਪਲ ਵੀ ਸ਼ਾਮਲ ਸੀ । ਉਸ ਤੋਂ ਬਾਅਦ ਨਵਾਂ ਪ੍ਰਿੰਸੀਪਲ ਲਗਾਇਆ ਗਿਆ ਹੈ । ਜਿਸ ਨੂੰ ਲੈਕੇ ਪੁਰਾਣੇ ਅਧਿਆਪਕ ਅਤੇ ਕੁਝ ਮਾਪੇ ਵਿਰੋਧ ਕਰ ਰਹੇ ਸਨ ਜਿਸ ਨੂੰ ਕੜੇ ਅਤੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਕੁਝ ਹੋਰ ਹੀ ਰੰਗਤ ਦਿੱਤੀ ਜਾ ਰਹੀ ਹੈ । ਉਨ੍ਹਾਂ ਕਿਹਾ ਅਸੀਂ ਮਾਪਿਆਂ ਨਾਲ ਬੈਠ ਕੇ ਹਰ ਮਸਲੇ ‘ਤੇ ਗੱਲ ਕਰਨ ਨੂੰ ਤਿਆਰ ਹਾਂ । ਜੇਕਰ ਉਨ੍ਹਾਂ ਦਾ ਕੋਈ ਮਸਲਾ ਹੈ ਤਾਂ ਉਹ ਸਾਨੂੰ ਲਿੱਖ ਕੇ ਦੇਣ ਅਸੀਂ ਜਲੰਧਰ ਆਪਣੀ ਦਿਵਿਆ ਭਾਰਤੀ ਸੁਸਾਇਟੀ ਕੋਲ ਭੇਜਾਂਗੇ ।

DEO ਦਾ ਬਿਆਨ

ਜ਼ਿਲ੍ਹਾਂ ਸਿੱਖਿਆ ਵਿਭਾਗ ਦੇ ਅਫਸਰ ਸ਼ਿਵ ਪਾਲ ਸਿੰਘ ਦਾ ਵੀ ਇਸ ਬਾਰੇ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਦੇ ਲਈ ਡਿਪਟੀ ਡੀਈਓ ਨੂੰ ਭੇਜਿਆ ਗਿਆ ਹੈ । ਜਦੋਂ ਉਨ੍ਹਾਂ ਨੂੰ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਅਤੇ ਕੜੇ ‘ਤੇ ਲਗਾਈ ਗਈ ਰੋਕ ਨੂੰ ਲੈਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿਸੇ ਵੀ ਧਰਮ ਦੇ ਚਿੰਨ ਅਤੇ ਪੰਜਾਬੀ ਨੂੰ ਲੈਕੇ ਕੋਈ ਵੀ ਰੋਕ ਨਹੀਂ ਲਗਾਈ ਜਾ ਸਕਦੀ ਹੈ । ਅਸੀਂ ਵਿਦਿਆਰਥੀਆਂ ਦੇ ਮਾਪਿਆਂ ਤੋਂ ਲਿਖਿਅਤ ਵਿੱਚ ਸ਼ਿਕਾਇਤ ਮੰਗੀ ਹੈ । ਪਰ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ । ਜਿੱਥੇ ਤੱਕ ਗੱਲ ਰਹੀ ਹਿਮਾਚਲ ਤੋਂ ਸਕੂਲ ਦੇ ਪ੍ਰਿੰਸੀਪਲ ਦੀ ਨਿਯੁਕਤੀ ਨੂੰ ਲੈਕੇ DEO ਨੇ ਕਿਹਾ ਸਕੂਲ CBSE ਅਧੀਨ ਹੈ ਉਸੇ ਦੀਆਂ ਵੱਖ ਤੋਂ ਗਾਈਡ ਲਾਈਨ ਹਨ । ਸਕੂਲ ਰਾਈਟ ਟੂ ਐਜੂਕੇਸ਼ਨ ਦੇ ਜ਼ਰੀਏ ਸਾਡੇ ਨਾਲ ਜੁੜਿਆ ਹੈ ਪਰ ਗਾਈਡਲਾਈਨ CBSE ਦੀ ਹੀ ਫਾਲੋ ਹੁੰਦੀ ਹੈ ।