ਤਾਮਿਲਨਾਡੂ ( Tamil Nadu )ਦੇ ਊਟੀ ‘ਚ ਇੱਕ ਹੈਰਾਨ ਕਰ ਦੇਣ ਵਾਲ ਖ਼ਬਰ ਸਾਹਮਣੇ ਆਈ ਹੈ ਜਿੱਥੇ 8ਵੀਂ ਜਮਾਤ ਦੇ ਵਿਦਿਆਰਥੀ ਦੀ ਸ਼ਰਤ ਲਾਉਣ ਦੇ ਚੱਕਰ ਵਿੱਚ ਮੌਤ ਹੋ ਗਈ। ਉਸ ਨੇ 45 ਆਇਰਨ ਗੋਲੀਆਂ ਖਾ ਲਈਆਂ।
ਇਹ ਘਟਨਾ ਊਟੀ ਮਿਉਂਸਪਲ ਉਰਦੂ ਮਿਡਲ ਸਕੂਲ ਦੀ ਹੈ। ਮ੍ਰਿਤਕਾ ਦਾ ਨਾਂ ਜੇਬਾ ਫਾਤਿਮਾ ਸੀ। ਉਮਰ 13 ਸਾਲ ਸੀ। ਜਦੋਂ ਉਸ ਦੀ ਸਿਹਤ ਵਿਗੜ ਗਈ ਤਾਂ ਫਾਤਿਮਾ ਨੂੰ ਹਸਪਤਾਲ ਲਿਜਾਇਆ ਗਿਆ। ਇੱਥੇ ਇਲਾਜ ਦੌਰਾਨ ਤੀਜੇ ਦਿਨ ਉਸ ਦੀ ਮੌਤ ਹੋ ਗਈ।
6 ਮਾਰਚ ਨੂੰ ਸਕੂਲ ਵਿੱਚ ਪੜ੍ਹਦੇ ਛੇ ਦੋਸਤ ਦੁਪਹਿਰ ਦੇ ਖਾਣੇ ਦੌਰਾਨ ਪ੍ਰਿੰਸੀਪਲ ਦੇ ਕਮਰੇ ਵਿੱਚ ਚਲੇ ਗਏ, ਜਿੱਥੇ ਆਇਰਨ ਦੀਆਂ ਗੋਲੀਆਂ ਦਾ ਡੱਬਾ ਰੱਖਿਆ ਹੋਇਆ ਦੇਖਿਆ, ਉੱਥੇ ਹੀ ਉਨ੍ਹਾਂ ਨੇ ਸ਼ਰਤ ਲਾਈ ਕਿ ਜੋ ਜ਼ਿਆਦਾ ਗੋਲੀਆਂ ਖਾ ਸਕਦਾ ਹੈ, ਉਹ ਦਲੇਰ ਮੰਨਿਆ ਜਾਵੇਗਾ।
ਇਸ ਤੋਂ ਬਾਅਦ ਕਮਰੇ ‘ਚ ਮੌਜੂਦ 2 ਮੁੰਡੇ ਅਤੇ 4 ਕੁੜੀਆਂ ਨੇ ਆਇਰਨ ਦੀਆਂ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਅੱਠਵੀਂ ਜਮਾਤ ਵਿੱਚ ਪੜ੍ਹਦੀ ਜੇਬਾ ਫਾਤਿਮਾ ਨੇ ਸਭ ਤੋਂ ਵੱਧ 45 ਗੋਲੀਆਂ ਖਾ ਲਈਆਂ। ਇਸ ਨਾਲ ਫਾਤਿਮਾ ਦੀ ਸਿਹਤ ਵਿਗੜ ਗਈ।
ਸਕੂਲ ਨੇ ਪਰਿਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਫਾਤਿਮਾ ਨੂੰ ਕੋਇੰਬਟੂਰ ਮੈਡੀਕਲ ਕਾਲਜ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇੱਥੋਂ ਡਾਕਟਰਾਂ ਨੇ ਉਸ ਨੂੰ ਚੇਨਈ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਤੀਜੇ ਦਿਨ ਵਿਦਿਆਰਥੀ ਦੀ ਮੌਤ ਹੋ ਗਈ। ਉਸਦੀ ਮਾਂ ਸਕੂਲ ਵਿੱਚ ਉਰਦੂ ਪੜ੍ਹਾਉਂਦੀ ਹੈ।
ਫਾਤਿਮਾ ਤੋਂ ਇਲਾਵਾ ਤਿੰਨ ਹੋਰ ਕੁੜੀਆਂ ਨੇ ਲਗਭਗ 10-10 ਗੋਲੀਆਂ ਖਾ ਲਈਆਂ ਸਨ ਅਤੇ ਦੋਵੇਂ ਮੁੰਡਿਆਂ ਨੇ ਦੋ-ਤਿੰਨ ਗੋਲੀਆਂ ਖਾ ਲਈਆਂ ਸਨ। ਉਨ੍ਹਾਂ ਨੇ ਚੱਕਰ ਆਉਣ ਦੀ ਸ਼ਿਕਾਇਤ ਵੀ ਕੀਤੀ। ਮੁੰਡਿਆ ਨੂੰ ਸਰਕਾਰੀ ਮੈਡੀਕਲ ਕਾਲਜ, ਊਟੀ ਭੇਜਿਆ ਗਿਆ, ਜਦਕਿ ਤਿੰਨ ਕੁੜੀਆਂ ਨੂੰ ਕੋਇੰਬਟੂਰ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ ਹੈ।
ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਨੇ 8 ਅਧਿਆਪਕਾਂ ਅਤੇ ਸਕੂਲ ਦੇ ਪ੍ਰਿੰਸੀਪਲ ਤੋਂ ਸਪੱਸ਼ਟੀਕਰਨ ਮੰਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ। ਇਹ ਕੰਮ ਇੱਕ ਨੋਡਲ ਅਧਿਆਪਕ ਨੂੰ ਸੌਂਪਿਆ ਗਿਆ ਹੈ। ਘਟਨਾ ਵਾਲੇ ਦਿਨ ਨੋਡਲ ਅਧਿਆਪਕ ਛੁੱਟੀ ‘ਤੇ ਸੀ।