Lok Sabha Election 2024 Punjab

PM ਦੀ ਰੈਲੀ ਤੋਂ ਕਿਸਾਨਾਂ ਨੂੰ ਦੂਰ ਰੱਖਣ ਲਈ ਤਾਇਨਾਤ ਕੀਤੇ 7500 ਪੁਲਿਸ ਮੁਲਾਜ਼ਮ

ਪਟਿਆਲਾ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੀ ਜਨਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਦੀ ਰੈਲੀ ਦੇ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਪੀਐਮ ਮੋਦੀ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਸੀ, ਪਰ ਕਿਸਾਨਾਂ ਨੂੰ ਡੱਕਣ ਲਈ ਪ੍ਰਸ਼ਾਸਨ ਨੇ ਵੀ ਪੂਰੀ ਤਿਆਰੀ ਕੀਤੀ ਹੋਈ ਸੀ।

ਪੀਐਮ ਮੋਦੀ ਦੇ ਕਰੀਬ 45 ਮਿੰਟ ਦੇ ਠਹਿਰਨ ਲਈ ਕੇਂਦਰੀ ਬਲਾਂ ਤੋਂ ਇਲਾਵਾ 7500 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਰੈਲੀ ਦੀਆਂ ਤਿਆਰੀਆਂ ਵਿੱਚ ਇੱਕ ਅਸਥਾਈ ਨਜ਼ਰਬੰਦੀ ਕੇਂਦਰ, ਕਿਸਾਨ ਪ੍ਰਦਰਸ਼ਨਕਾਰੀਆਂ ਨੂੰ ਲਿਜਾਣ ਲਈ ਬੱਸਾਂ ਅਤੇ ਰੇਤ ਨਾਲ ਭਰੇ ਟਰੱਕਾਂ ਨੂੰ ਰੈਲੀ ਵਾਲੀ ਥਾਂ ’ਤੇ ਜਾਣ ਵਾਲੇ ਰਸਤਿਆਂ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਸੀ।

ਪੋਲੋ ਗਰਾਊਂਡ ਵਿਖੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਸਮਰਥਨ ਵਿੱਚ ਮੋਦੀ ਵੱਲੋਂ ਕੀਤੀ ਰੈਲੀ ਦਾ ਵਿਰੋਧ ਕਰਨ ਲਈ ਕਾਲੇ ਝੰਡੇ ਲੈ ਕੇ ਵੱਖ-ਵੱਖ ਸੜਕਾਂ ਤੋਂ ਪਟਿਆਲਾ ਵੱਲ ਮਾਰਚ ਕਰਨ ਦੇ ਕਿਸਾਨਾਂ ਦੇ ਸੱਦੇ ਤੋਂ ਬਾਅਦ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਨੇ ਚੌਕਸ ਵਿਖਾਉਂਦਿਆਂ ਇਹ ਸਾਰੇ ਬੰਦੋਬਸਤ ਕੀਤੇ ਗਏ ਸਨ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ 2022 ਵਾਲੀ ਘਟਨਾ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦੇ ਜਦੋਂ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਪੰਜਾਬ ਵਿੱਚ ਕਿਸਾਨਾਂ ਦੇ ਵਿਰੋਧ ਕਰਕੇ ਰੋਕਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸੇ ਕਰਕੇ ਇਸ ਵਾਰ ਪੀਐਮ ਦੀ ਰੈਲੀ ਦੇ ਪ੍ਰੋਗਰਾਮ ਦੀ ਜਾਣਕਾਰੀ ਨੂੰ ਲੁਕਾ ਕੇ ਰੱਖਿਆ ਗਿਆ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇ ਕਿਸਾਨਾਂ ਨੂੰ ਰੈਲੀ ਵਾਲੀ ਥਾਂ ਦੇ ਨੇੜੇ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਨਾਕਿਆਂ ’ਤੇ ਤਾਇਨਾਤ ਪੁਲਿਸ ਲਈ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਰੋਕਣਾ ਮੁਸ਼ਕਲ ਹੋ ਜਾਵੇਗਾ। ਇਸ ਲਈ, ਉਨ੍ਹਾਂ ਨੂੰ ਸ਼ਹਿਰ ਦੇ ਬਾਹਰਵਾਰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਵਿਕਲਪ ਦਿੱਤਾ ਗਿਆ ਹੈ।

 

ਇਹ ਵੀ ਪੜ੍ਹੋ – ‘ਪੰਜਾਬ ‘ਚ ਕਾਗਜ਼ੀ ਸਰਕਾਰ’! ‘ਮੈਂ ’71 ‘ਚ ਸ੍ਰੀ ਕਰਤਾਰਪੁਰ ਸਾਹਿਬ ਨੂੰ ਭਾਰਤ ‘ਚ ਮਿਲਾ ਲੈਂਦਾ’! ‘ਕਿਸਾਨ ਚੋਣ ਲੜਕੇ ਵੇਖਣ’!