Punjab

ਪੰਜਾਬ ਦੇ 72 ਅਧਿਆਪਕ ਸਿੱਖਿਆ ਲਈ ਵਿਦੇਸ਼ ਹੋਣਗੇ ਰਵਾਨਾ! ਮੁੱਖ ਮੰਤਰੀ ਨੇ ਦਿੱਤੀ ਵਧਾਈ

ਬਿਉਰੋ ਰਿਪੋਰਟ – ਪੰਜਾਬ ਸਰਕਾਰ (Punjab Government) ਵੱਲੋਂ ਸਰਕਾਰੀ ਸਕੂਲਾਂ (Government Schools) ਦੇ 72 ਅਧਿਆਪਕਾਂ ਨੂੰ ਤਿੰਨ ਹਫਤਿਆਂ ਲਈ ਸਿਖਲਾਈ ਲਈ ਫਿਨਲੈਂਡ ਭੇਜਿਆ ਜਾ ਰਿਹਾ ਹੈ। ਇਸ ਮੌਕੇ ਦਿੱਲੀ ਦੇ ਪੰਜਾਬ ਭਵਨ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਸਕੂਲਾਂ ਵਿਚ ਬੱਚਿਆਂ ਨੂੰ ਵਧੀਆ ਪੜ੍ਹਾਈ ਦੇਣ ਦੇ ਲਈ ਟੀਚਰਾਂ ਨੂੰ ਵਿਦੇਸ਼ ਭੇਜ ਰਹੀ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ 202 ਪ੍ਰਿੰਸੀਪਲਾਂ ਨੂੰ ਸਿੰਘਾਪੁਰ ਵਿਚ ਟਰੇਨਿੰਗ ਲਈ ਭੇਜਿਆ ਗਿਆ ਸੀ, ਜਿੱਥੋਂ ਉਹ ਸਿਖਲਾਈ ਲੈ ਕੇ ਆਏ ਹਨ ਅਤੇ ਕੁਝ ਸਮੇਂ ਪਹਿਲਾਂ ਹੀ 152 ਹੋਰ ਅਧਿਆਪਕਾਂ ਨੂੰ IIM ਅਹਿਮਦਾਬਾਦ ਵਿਚ ਭੇਜਿਆ ਸੀ। ਮੁੱਖ ਮੰਤਰੀ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਸ ਗੱਲ ਦਾ ਨਤੀਜਾ ਇਹ ਨਿਕਲਿਆ ਕਿ ਸਰਕਾਰੀ ਸਕੂਲਾਂ ਦੇ 157 ਬੱਚਿਆਂ ਨੇ IET ਦਾ ਟੈਸਟ ਪਾਸ ਕੀਤਾ ਹੈ। ਮੁੱਖ ਮੰਤਰੀ ਨੇ ਫਿਨਲੈਂਡ ਜਾਣ ਵਾਲੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਲਈ ਮਾਪੇ ਤੇ ਅਧਿਆਪਕ ਮਿਲਣੀ ਸ਼ੁਰੂ ਕੀਤੀ ਹੈ, ਜਿਸ ਨਾਲ ਮਾਪਿਆਂ ਦਾ ਅਧਿਆਪਕਾਂ ਨਾਲ ਰਿਸ਼ਤਾ ਨਜ਼ਦੀਕ ਹੋਇਆ ਹੈ ਅਤੇ ਮਾਪੇ ਆਪਣੇ ਬੱਚੇ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹਨ। ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਪਿੱਠ ਥਾਪੜਦੇ ਹੋਏ ਕਿਹਾ ਕਿ ਸਾਡੀ ਸਰਕਾਰ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਰੀਅਰ ਗਾਈਡੈਂਸ ਵੀ ਦੇ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਅਧਿਆਪਕਾਂ ਨੂੰ ਫਿਨਲੈਂਡ ਭੇਜਿਆ ਜਾ ਰਿਹਾ ਹੈ ਉਨ੍ਹਾਂ ਬਾਰੇ ਬੱਚਿਆਂ ਦੇ ਮਾਪਿਆਂ ਵੱਲੋਂ ਅਰਜੀਆਂ ਲਿਖ ਕੇ ਸਿਫਾਰਿਸ਼ ਕੀਤੀ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਆਪਣੇ ਵਿਰੋਧੀਆਂ ‘ਤੇ ਤੰਜ ਕੱਸਣਾ ਨਾ ਭੁੱਲੇ, ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਸਿਰਫ ਧਰਮ ਦੇ ਨਾਮ ‘ਤੇ ਲੋਕਾਂ ਨੂੰ ਲੜਾਇਆ ਹੈ ਪਰ ਇਨ੍ਹਾਂ ਕਦੇ ਵੀ ਸਿੱਖਿਆ ਦੀ ਗੱਲ ਨਹੀਂ ਕੀਤੀ ਅਤੇ ਨਾ ਹੀ ਇੰਨਾ ਕਦੇ ਵਾਤਾਵਰਨ ਬਚਾਉਣ ਲਈ ਕੋਈ ਯਤਨ ਕੀਤਾ ਹੈ, ਕਿਉਂਕਿ ਦਰੱਖਤ ਅਤੇ ਨਹਿਰਾਂ ਦੀ ਵੋਟਾਂ ਨਹੀਂ ਹਨ, ਜੇਕਰ ਦਰੱਖਤਾਂ ਅਤੇ ਨਹਿਰਾਂ ਦੀਆਂ ਵੋਟਾਂ ਹੁੰਦੀਆਂ ਤਾਂ ਇਨ੍ਹਾਂ ਨੇ ਦਰੱਖਤਾਂ ਅਤੇ ਨਹਿਰਾਂ ਨਾਲ ਰਿਸ਼ਤੇਦਾਰੀਆਂ ਕੱਢ ਲੈਣੀਆਂ ਸੀ।

ਇਹ ਵੀ ਪੜ੍ਹੋ –  ਬਾਲ ਵਿਆਹ ਰੋਕਣ ਲਈ ਜਾਗਰੂਕਤਾ ਦੀ ਲੋੜ! ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਨੂੰ ਕੀਤੇ ਹੁਕਮ