‘ਦ ਖ਼ਾਲਸ ਬਿਊਰੋ:- ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਵਤਵੰਤ ਸਿੰਘ ਪੰਨੂੰ ਵੱਲੋਂ ਪੰਜਾਬ ਵਿੱਚ ਰੈਫਰੈਂਡਮ-2020 ਲਈ ਅੱਜ 4 ਜੁਲਾਈ ਤੋਂ ਵੋਟਾਂ ਦੀ ਰਜਿਸਟ੍ਰੇਸ਼ਨ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦਰਅਸਲ SFJ ਨੇ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਆਨਲਾਈਨ ਵੋਟਾਂ ਦੀ ਰਜਿਸਟ੍ਰੇਸ਼ਨ ਲਈ 4 ਜੁਲਾਈ ਨੂੰ ਵੈੱਬਸਾਈਟ ਲਾਂਚ ਕਰ ਦਿੱਤੀ ਜਾਵੇਗੀ, ਜਿੱਥੋਂ ਤੁਸੀਂ ਆਨਲਾਈਨ ਵੋਟਿੰਗ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇਸੇ ਸੰਬੰਧ ਵਿੱਚ ਪੰਜਾਬ ਪੁਲਿਸ ਪ੍ਰਸ਼ਾਸ਼ਨ ਵੀ ਕਾਫੀ ਹਰਕਤ ਵਿੱਚ ਆਇਆ ਹੋਇਆ ਹੈ।
ਪੰਨੂੰ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਕੀਤੀ ਜਾਵੇਗੀ। ਜਿਸ ਕਰਕੇ ਕੱਲ੍ਹ ਤੋਂ ਹੀ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪੁਲਿਸ ਦੀ ਚੌਕਸੀ ਵਧਾ ਦਿੱਤੀ ਗਈ ਹੈ।
ਓਧਰ ਤਲਵੰਡੀ ਸਾਬੋ ਵਿੱਚ ਵੀ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਤਲਵੰਡੀ ਸਾਬੋ ਵਿੱਚ ਵੀ ਰੈਫਰੈਂਡਮ-2020 ਦੇ ਛਾਪੇ ਲੱਗੇ ਮਿਲੇ ਸਨ, ਜਿਸਨੂੰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਢਾਹ ਦਿੱਤਾ।
ਪੰਨੂੰ ਦਾ ਸਾਥੀ ਦੱਸੇ ਜਾਂਦੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਕਥਿਤ ਤੌਰ ‘ਤੇ ਪੰਨੂੰ ਦੇ ਸਾਥੀ ਦੱਸੇ ਜਾ ਰਹੇ ਜੁਗਿੰਦਰ ਗੁੱਜਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗੁੱਜਰ ਦੀ ਗ੍ਰਿਫਤਾਰੀ 2 ਜੁਲਾਈ ਨੂੰ ਭੁਲੱਥ ਪੁਲਿਸ ਵੱਲੋਂ ਕੀਤੀ ਗਈ ਸੀ। ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ। ਅੱਜ ਫਿਰ ਜੁਗਿੰਦਰ ਗੁੱਜਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਵਧਾਏ ਜਾਣ ਦੀ ਮੰਗ ਵੀ ਕੀਤੀ ਜਾ ਸਕਦੀ ਹੈ। ਜਾਣਕਾਰੀ ਮੁਤਾਬਿਕ ਗੁੱਜਰ ਕੋਲੋਂ ਮੋਬਾਇਲ ਅਤੇ ਪੋਸਟਰ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਲੰਘੀ 1 ਜੁਲਾਈ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਗੁਰਵਤਵੰਤ ਸਿੰਘ ਪੰਨੂੰ ਸਮੇਤ 9 ਜਾਣਿਆਂ ਨੂੰ ਖਾਲਿਸਤਾਨੀ ਕਾਰਵਾਈਆਂ ਕਰਨ ਦੇ ਕਥਿਤ ਦੋਸ਼ਾਂ ਤਹਿਤ ਅੱਤਵਾਦੀ ਐਲਾਨ ਦਿੱਤਾ ਗਿਆ ਸੀ।