ਬਿਉਰੋ ਰਿਪੋਰਟ : ਮੋਹਾਲੀ ਤੋਂ ਇੱਕ ਹੈਰਾਨ ਕਰਨ ਵਾਲੀ ਅਤੇ ਮਾਪਿਆਂ ਨੂੰ ਅਲਰਟ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ । ਸੋਹਾਣਾ ਪੁਲਿਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੰਮ ਕਰਨ ਵਾਲੇ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਜਿੰਨਾਂ ਨੇ ਫਰੀਦਕੋਟ ਤੋਂ ਮਾਂ ਦੇ ਸਾਹਮਣੇ ਹੀ 5 ਦਿਨ ਦੇ ਬੱਚੇ ਦੀ ਚੋਰੀ ਕੀਤੀ ਸੀ । ਉਨ੍ਹਾਂ ਦੇ ਨਾਲ 2 ਹੋਰ ਮੁਲਜ਼ਮ ਵੀ ਸ਼ਾਮਲ ਸਨ । ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਚਾਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਬੱਚਾ ਵੀ ਬਰਾਮਦ ਕਰ ਲਿਆ ਹੈ । ਪੁਲਿਸ ਨੂੰ ਸ਼ੱਕ ਹੈ ਕੀ ਇਹ ਗਿਰੋਹ ਦੇ ਰੂਪ ਵਿੱਚ ਪੰਜਾਬ ਵਿੱਚ ਸਰਗਮ ਹੈ ਅਤੇ ਇਹ ਛੋਟੇ ਬੱਚਿਆਂ ਨੂੰ ਹਸਪਤਾਲ ਅਤੇ ਪਾਰਕਾਂ ਤੋਂ ਚੋਰੀ ਕਰਦਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਵੇਚ ਦਿੰਦਾ ਹੈ ਜਿੰਨਾਂ ਦੇ ਘਰ ਔਲਾਦ ਨਹੀਂ ਹੁੰਦੀ ਹੈ । ਪਟਿਆਲਾ ਯੂਨੀਵਰਸਿਟੀ ਵਿੱਚ ਕੰਮ ਕਰਨ ਵਾਲੇ ਚਰਨਵੀਰ ਸਿੰਘ ਅਤੇ ਪਰਮਿੰਦਰ ਕੌਰ ਨੇ ਆਪਣੇ 2 ਹੋਰ ਸਾਥੀਆਂ ਨਾਲ ਬਹੁਤ ਹੀ ਚਾਲਾਕੀ ਨਾਲ ਬੱਚੇ ਦੀ ਚੋਰੀ ਕੀਤੀ ਸੀ ।
ਇਸ ਤਰ੍ਹਾਂ 5 ਦਿਨ ਦੇ ਬੱਚੇ ਨੂੰ ਚੋਰੀ ਕੀਤਾ
ਦੱਸਿਆ ਜਾ ਰਿਹਾ ਹੈ ਕੀ ਚਰਨਵੀਰ ਸਿੰਘ ਅਤੇ ਪਰਮਿੰਦਰ ਕੌਰ ਨੇ ਆਪਣੇ 2 ਸਾਥੀ ਸਾਕਸ਼ੀ ਅਤੇ ਮਨਜਿੰਦਰ ਸਿੰਘ ਨਾਲ ਮਿਲਕੇ ਫਰੀਦਕੋਟ ਦੇ ਬੱਚੇ ਨੂੰ ਚੋਰੀ ਕਰਨ ਦਾ ਪੂਰਾ ਪਲਾਨ ਤਿਆਰ ਕੀਤੀ ਸੀ । ਉਨ੍ਹਾਂ ਨੇ ਮਾਂ ਦੇ ਸਾਹਮਣੇ ਬੱਚੇ ਦੀ ਖੂਬਸੂਰਤੀ ਦੀ ਕਾਫੀ ਤਾਰੀਫ ਕੀਤੀ ਅਤੇ ਪੁੱਛਿਆ ਕੀ ਬੱਚੇ ਦੇ ਨਾਲ ਪਰਿਵਾਰ ਸਮੇਤ ਫੋਟੋ ਖਿਚਵਾ ਸਕਦੇ ਹਨ । ਮਾਂ ਭਾਵੇ ਚਾਰਾਂ ਵਿੱਚੋ ਕਿਸੇ ਨੂੰ ਜਾਣ ਦੀ ਨਹੀਂ ਸੀ ਪਰ ਸ਼ਕਲ ਤੋਂ ਉਹ ਚੋਰ ਨਹੀਂ ਲੱਗ ਰਹੇ ਸਨ। ਉਸ ਨੇ ਭਰੋਸਾ ਕੀਤਾ ਅਤੇ ਬੱਚਾ ਫੋਟੋ ਖਿਚਵਾਉਣ ਦੇ ਲਈ ਦੇ ਦਿੱਤਾ । ਪਰ ਮੌਕਾ ਵੇਖ ਦੇ ਹੀ ਚਾਰੋ ਬੱਚੇ ਨੂੰ ਲੈਕੇ ਫਰਾਰ ਹੋ ਗਏ । ਪਰਿਵਾਰ ਨੇ ਬੱਚੇ ਦੇ ਚੋਰੀ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਤਾਂ ਪੁਲਿਸ ਨੇ 24 ਘੰਟੇ ਦੇ ਅੰਦਰ ਬੱਚੇ ਨੂੰ ਬਰਾਮਦ ਕਰ ਲਿਆ । ਸੋਹਾਣਾ ਥਾਣੇ ਦੇ SHO ਗੁਰਚਰਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਚਰਨਵੀਰ ਸਿੰਘ,ਪਰਮਿੰਦਰ ਕੌਰ,ਸਾਕਸ਼ੀ ਅਤੇ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ । ਇੰਨਾਂ ਵਿੱਚੋਂ 1 ਮੁਲਜ਼ਮ ਜੋੜਾ ਫਰੀਦਕੋਟ ਜਦਕਿ ਦੂਜਾ ਪਟਿਆਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ।
ਮੁਲਜ਼ਮਾਂ ਖਿਲਾਫ ਮਾਮਲਾ ਦਰਜ
ਪੁਲਿਸ ਨੇ ਚਾਰੋ ਮੁਲਜ਼ਮਾਂ ਦੇ ਖਿਲਾਫ਼ ਧਾਰਾ 370 A,120 B,ਜੁਵੈਨੀਅਲ ਜਸਟਿਸ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015 ਧਾਰਾ 81 ਅਧੀਨ ਮਾਮਲਾ ਦਰਜ ਕਰ ਲਿਆ ਹੈ। DSP ਬੱਲ ਨੇ ਜਾਂਚ ਦੇ ਦੌਰਾਨ ਦੱਸਿਆ ਹੈ ਕੀ ਇਹ ਚਾਰੋ ਵੱਖ-ਵੱਖ ਥਾਵਾਂ ਤੋਂ ਬੱਚਿਆਂ ਦੀ ਚੋਰੀ ਕਰਦੇ ਸਨ ਅਤੇ ਫਿਰ ਵੇਚ ਕੇ ਮੋਟੀ ਕਮਾਈ ਕਰਦੇ ਸਨ ।