Punjab

ASI ਕਾਰ ਵਿੱਚ ਬੇਸੁੱਧ ਮਿਲਿਆ ! ਗੱਡੀ ‘ਚ ਮਿਲੀ ਸਰਵਿਸ ਰਿਵਾਲਵਰ ! ਫੋਨ ‘ਚ ਵੱਡੇ ਰਾਜ਼ ?

ਬਿਊਰੋ ਰਿਪੋਰਟ : ਮੁਲਜ਼ਮਾਂ ਨੂੰ ਫੜਨ ਵਾਲੀ ਪੰਜਾਬ ਪੁਲਿਸ ਆਪ ਹੀ ਸ਼ਿਕਾਰ ਹੋ ਗਈ । ਫਿਰੋਜ਼ਪੁਰ ਦੇ ਦੇਹਾਤੀ ਹਲਕੇ ਤਲਵੰਡੀ ਭਾਈ ਨਜ਼ਦੀਕ ਦਾਨਾ ਮੰਡੀ ਵਿੱਚ ਸਵਿਫਟ ਕਾਰ ਵਿੱਚ ASI ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਦੇ ਨਜ਼ਦੀਕ ਪੁਲਿਸ ਮੁਲਾਜ਼ਮ ਦੀ ਸਰਵਿਸ ਰਿਵਾਲਵ ਵੀ ਪਈ ਹੋਈ ਮਿਲੀ ਹੈ । ਸਾਹਮਣੇ ਆਇਆ ਹੈ ਕੀ ਮ੍ਰਿਤਕ ASI ਦੀ ਧੌਣ ‘ਤੇ ਗੋਲੀ ਮਾਰੀ ਗਈ ਹੈ । ਇਸ ਵਾਰਦਾਤ ਵਿੱਚ ਮਰਨ ਵਾਲੇ ASI ਦਾ ਨਾਂ ਚਰਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਹ ਤਲਵੰਡੀ ਦੇ ਸ਼ਾਂਤੀ ਨਗਰ ਵਿੱਚ ਰਹਿੰਦਾ ਸੀ । ਫਿਲਹਾਲ ਉਹ ਡਿਊਟੀ ਮੋਗਾ ਵਿੱਚ ਕਰ ਰਿਹਾ ਸੀ ।

ਮੋਬਾਈਲ ਖੋਲੇਗਾ ਰਾਜ਼

ਸਵਾਲ ਇਹ ਉੱਠ ਰਿਹਾ ਹੈ ਕੀ ਚਰਨਜੀਤ ਸਿੰਘ ਦਾ ਕਿਸੇ ਨੇ ਕਤਲ ਕੀਤਾ ਹੈ ਜਾਂ ਫਿਰ ਉਸ ਨੇ ਖੁਦਕੁਸ਼ੀ ਕੀਤੀ ਹੈ । ਪੁਲਿਸ ਨੂੰ ਮਾਮਲਾ ਸ਼ੱਕੀ ਨਜ਼ਰ ਆ ਰਿਹਾ ਹੈ । ਪੁਲਿਸ ਆਲੇ-ਦੁਆਲੇ ਦੇ CCTV ਚੈੱਕ ਕਰ ਰਹੀ ਹੈ । ਪੁਲਿਸ ਨੂੰ ਉਮੀਦ ਹੈ ਕੀ ਚਰਨਜੀਤ ਸਿੰਘ ਦੇ ਮੋਬਾਈਲ ਫੋਨ ਤੋਂ ਮੌਤ ਦੇ ਵੱਡੇ ਕਾਰਨਾਂ ਦਾ ਪਰਦਾਫਾਸ਼ ਹੋ ਸਕਦਾ ਹੈ। ਅਜਿਹੇ ਵਿੱਚ ਚਰਨਜੀਤ ਸਿੰਘ ਦੀ ਮੌਤ ਨਾਲ ਜੁੜੇ ਕਈ ਸਵਾਲ ਖੜੇ ਹੋ ਰਹੇ ਹਨ। ਜੇਕਰ ਚਰਨਜੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ ਤਾਂ ਉਸ ਨੇ ਇਹ ਕਦਮ ਕਿਉਂ ਚੁਕਿਆ ? ਕੀ ਪਰਿਵਾਰ ਜਾਂ ਫਿਰ ਆਪਣੇ ਨੌਕਰੀ ਨੂੰ ਲੈਕੇ ਕੋਈ ਪਰੇਸ਼ਾਨੀ ਸੀ ? ਕੀ ਚਰਨਜੀਤ ਸਿੰਘ ਨੂੰ ਕੋਈ ਬਲੈਕ ਮੇਲ ਕਰ ਰਿਹਾ ਸੀ ? ਜੇਕਰ ਹਾਂ ਤਾਂ ਉਹ ਕੌਣ ਹੋ ਸਕਦਾ ਹੈ ? ਇਸ ਤੋਂ ਇਲਾਵਾ ਜੇਕਰ ਇਹ ਕਤਲ ਹੈ ਤਾਂ ਕਿਸ ਨੇ ਚਰਨਜੀਤ ਦੇ ਕਤਲ ਨੂੰ ਅੰਜਾਮ ਦਿੱਤਾ ? ਕੀ ਕੋਈ ਜ਼ਮੀਨ ਜਾਂ ਫਿਰ ਹੋਰ ਕੋਈ ਵਿਵਾਦ ਕਤਲ ਦੇ ਪਿੱਛੇ ਹੈ ? ਕੀ ਕਿਸੇ ਮੁਲਜ਼ਮ ਜਿਸ ਨੂੰ ਚਰਨਜੀਤ ਸਿੰਘ ਨੇ ਫੜਿਆ ਹੋਵੇ ਉਸ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ? ਕੀ ਚਰਨਜੀਤ ਨੂੰ ਕੋਈ ਧਮਕੀ ਮਿਲ ਰਹੀ ਸੀ ? ਇੰਨਾਂ ਸਾਰੇ ਸਵਾਲਾਂ ਦਾ ਜਵਾਬ ਚਰਨਜੀਤ ਦੇ ਪਰਿਵਾਰ ਅਤੇ ਉਸ ਦੇ ਨਾਲ ਨੌਕਰੀ ਕਰ ਰਹੇ ਸਾਥੀਆਂ ਤੋਂ ਪੁੱਛ-ਗਿੱਛ ਦੌਰਾਨ ਮਿਲ ਸਕਦਾ ਹੈ। ਸਭ ਤੋਂ ਵੱਡਾ ਰਾਜ ਚਰਨਜੀਤ ਸਿੰਘ ਦਾ ਫੋਨ ਖੋਲ ਸਕਦਾ ਹੈ । ਸ਼ਾਇਦ ਕੋਈ ਅਜਿਹਾ ਮੈਸੇਜ ਪੁਲਿਸ ਦੇ ਹੱਥ ਲੱਗ ਜਾਵੇਂ ਜੋ ਮੌਤ ਦੀ ਗੁੱਥੀ ਨੂੰ ਖੋਲ ਦੇਵੇ । ਚਰਨਜੀਤ ਸਿੰਘ ਵੱਲੋਂ ਮੌਤ ਵਾਲੇ ਦਿਨ ਕੀਤੀਆਂ ਗਈਆਂ ਕਾਲਾਂ ਵੀ ਕਾਫੀ ਅਹਿਮ ਹਨ ਹੋ ਸਕਦਾ ਹੈ ਕਾਤਲ ਉਸ ਵਿੱਚੋ ਹੀ ਮਿਲ ਜਾਵੇਗਾ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ

DSP-ਡੀ ਫਤਿਹ ਸਿੰਘ ਬਰਾੜ ਨੇ ਦੱਸਿਆ ਕੀ ਚਰਨਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ । ਪੋਸਟਮਾਰਟ ਤੋਂ ਬਾਅਦ ਕਾਫੀ ਹੱਦ ਤੱਕ ਸਾਫ ਹੋਵੇਗਾ ਕੀ ਗੋਲੀ ਚਰਨਜੀਤ ਸਿੰਘ ਨੇ ਆਪ ਚਲਾਈ ਸੀ ਜਾਂ ਫਿਰ ਕਿਸੇ ਹੋਰ ਨੇ ? ਮੌਤ ਦੇ ਅਸਲੀ ਕਾਰਨਾਂ ਦਾ ਵੀ ਖੁਲਾਸਾ ਪੋਸਟਮਾਰਟਮ ਰਿਪੋਰਟ ਤੋਂ ਹੋਵੇਗਾ ।