International

ਪ੍ਰਧਾਨ ਮੰਤਰੀ ਜੌਹਨਸਨ ਨੇ ਸਟੇਜ ‘ਤੇ ਮਾਰੇ ਡੰਡ, ਕਿਹਾ ਮੈਂ ਹਾਂ ਕਸਾਈ ਦੇ ਕੁੱਤੇ ਦੀ ਤਰ੍ਹਾਂ ਫਿੱਟ

‘ਦ ਖ਼ਾਲਸ ਬਿਊਰੋ:- ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕੋਰੋਨਾ-ਜੰਗ ਜਿੱਤ ਲਈ ਹੈ। ਪ੍ਰਧਾਨ ਮੰਤਰੀ ਨੇ ਅੱਜ ਇੱਕ ਇੰਟਰਵਿਊ ਦੌਰਾਨ ਆਪਣੀ ਸਰੀਰਕ ਤੰਦਰੁਸਤੀ ਦਿਖਾਉਣ ਲਈ ਡੰਡ ਬੈਠਕਾਂ ਮਾਰ ਕੇ ਦਿਖਾਈਆਂ ਤੇ ਕਿਹਾ, ‘ਮੈਂ ਹੁਣ ਕਸਾਈ ਦੇ ਕੁੱਤੇ ਵਾਂਗ ਫਿੱਟ ਹਾਂ।’

ਜੌਹਨਸਨ ਇਹ ਦੱਸਣਾ ਚਾਹੁੰਦੇ ਸਨ ਹਸਪਤਾਲ ਦਾਖਲ ਰਹਿਣ ਤੋਂ ਬਾਅਦ ਹੁਣ ਉਹ ਸਰੀਰਕ ਤੰਦਰੁਸਤੀ ਹਾਸਲ ਕਰ ਚੁੱਕੇ ਹਨ। ਉਨ੍ਹਾਂ ਕਿਹਾ, ‘ਮੈਂ ਹੁਣ ਕਸਾਈ ਦੇ ਕੁੱਤੇ ਵਾਂਗ ਤੰਦਰੁਸਤ ਹਾਂ। ਕੀ ਤੁਸੀਂ ਮੈਂਨੂੰ ਡੰਡ ਬੈਠਕਾਂ ਮਾਰਦੇ ਹੋਏ ਦੇਖਣਾ ਚਾਹੁੰਦੇ ਹੋ?’ ਇਹ ਕਹਿ ਕੇ ਉਨ੍ਹਾਂ ਸਟੇਜ ’ਤੇ ਹੀ ਕੁਝ ਡੰਡ ਬੈਠਕਾਂ ਮਾਰ ਕੇ ਦਿਖਾਈਆਂ। ਉਨ੍ਹਾਂ ਕਿਹਾ, ‘ਦੇਸ਼ ਹੁਣ ਅੱਗੇ ਵੱਧ ਰਿਹਾ ਹੈ ਅਤੇ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ। ਮੈਂ ਅਜਿਹਾ ਪਹਿਲਾਂ ਕਦੀ ਮਹਿਸੂਸ ਨਹੀਂ ਕੀਤਾ।’

ਜ਼ਿਕਰਯੋਗ ਹੈ ਕਿ ਤਕਰੀਬਨ ਇੱਕ ਮਹੀਨਾ ਪਹਿਲਾਂ ਉਹ ਕਰੋਨਾਵਾਇਰਸ ਤੋਂ ਪੀੜਤ ਹੋਣ ਮਗਰੋਂ ਹਸਪਤਾਲ ਦਾਖਲ ਸਨ। ਇਸ ਇੰਟਰਵਿਊ ਦੌਰਾਨ ਜੌਹਨਸਨ ਨੇ ਲੌਕਡਾਊਨ ਦੀਆਂ ਪਾਬੰਦੀਆਂ ਖਤਮ ਹੋਣ ਮਗਰੋਂ ਬਰਤਾਨੀਆਂ ਨੂੰ ਮੁੜ ਲੀਹ ’ਤੇ ਲਿਆਉਣ ਸਬੰਧੀ ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ।