International

ਲਾਕਡਾਊਨ ਕਾਰਨ ਫਸੇ ਪੰਜਾਬੀਆਂ ਦੇ ਵਾਪਸ ਸਪੇਨ ਜਾਣ ਦਾ ਮਸਲਾ ਗਗਨਦੀਪ ਸਿੰਘ ਨੇ ਕਰਵਾਇਆ ਹੱਲ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬਹੁਤ ਸਾਰੇ ਲੋਕ ਇੱਕ ਦੇਸ਼ ਤੋਂ ਦੂਸਰੇ ਦੇਸ਼ਾਂ ਨੂੰ ਗਏ ਸਨ। ਜਿਨ੍ਹਾਂ ਨੂੰ ਬਾਅਦ ਵਿੱਚ ਲੌਕਡਾਊਨ ਹੋਣ ਕਾਰਨ ਵਾਪਸ ਉਸੇ ਮੁਲਕ ਜਾਣ ਵਿੱਚ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਸਪੇਨ ਮੁਲਕ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਆਈਆਂ। ਬਹੁਤ ਸਾਰੇ ਪੰਜਾਬੀ ਕੋਵਿਡ-19 ਦੌਰਾਨ ਭਾਰਤ ਵਾਪਸ ਆਏ ਅਤੇ ਹੁਣ ਉਹਨਾਂ ਦੇ ਰੈਜ਼ੀਡੈਂਸੀ ਕਾਰਡ ਖਤਮ ਹੋ ਗਏ ਤੇ ਹੁਣ ਉਹਨਾਂ ਨੂੰ ਭਾਰਤ ਦੀ ਇੰਮੀਗ੍ਰੇਸ਼ਨ ਹਵਾਈ ਅੱਡੇ ਤੋਂ ਵਾਪਸੀ ਦੀ ਇਜ਼ਾਜ਼ਤ ਨਹੀ ਦੇ ਰਹੀ। ਜਦ ਕਿ ਸਪੈਨਿਸ਼ ਸਰਕਾਰ ਤਾਂ ਖ਼ਤਮ ਹੋਏ ਕਾਰਡਾਂ ਵਾਲੇ ਲੋਕਾਂ ਨੂੰ ਸਪੇਨ ‘ਚ ਦਾਖਲ ਹੋਣ ਦੀ ਇਜ਼ਾਜ਼ਤ ਦੇ ਰਹੀ ਹੈ।

ਇਸੇ ਸੰਬੰਧ ਵਿੱਚ ਸਪੇਨ ਵਸਦੇ ਪੰਜਾਬੀ ਗੁਰਸਿੱਖ ਨੌਜਵਾਨ ਗਗਨਦੀਪ ਸਿੰਘ ਖਾਲਸਾ ਨੇ ਵਿਦੇਸ਼ ਮੰਤਰਾਲੇ ਦੀ ਡਰਾਇਕਟਰ ਨਾਲ ਮੀਟਿੰਗ ਕੀਤੀ ਅਤੇ ਪੰਜਾਬ ‘ਚ ਬੈਠੇ ਪੰਜਾਬੀਆਂ ਦੇ ਵਾਪਸ ਨਾਂ ਪਰਤ ਸਕਣ ਬਾਰੇ ਗੱਲਬਾਤ ਕੀਤੀ। ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਡਰਾਇਕਟਰ ਉਹਨਾਂ ਦੀ ਗੱਲ ਸੁਣਕੇ ਬਹੁਤ ਹੈਰਾਨ ਸੀ ਕਿ ਇਹ ਤਾਂ ਸਾਡੀ ਸਰਕਾਰ ਦਾ ਮਸਲਾ ਹੈ, ਪਰ ਭਾਰਤ ਸਰਕਾਰ ਪੰਜਾਬੀਆਂ ਨੂੰ ਸਪੇਨ ਵਾਪਸ ਜਾਣ ਦੀ ਇਜਾਜ਼ਤ ਕਿਉਂ ਨਹੀਂ ਦੇ ਰਹੀ ਹੈ। ਸੋ ਉਹਨਾਂ ਨੇ ਪੰਜਾਬ ਗਏ ਉਹਨਾਂ ਪੰਜਾਬੀਆਂ ਦੀ ਇਕ ਸੂਚੀ ਮੰਗੀ ਹੈ ਜਿਹਨਾਂ ਵੀਰਾਂ-ਭੈਣਾਂ ਦੇ ਕਾਰਡ ਖ਼ਤਮ ਹੋ ਗਏ ਹਨ।

ਗਗਨਦੀਪ ਸਿੰਘ ਖਾਲਸਾ ਨੇ ਦੱਸਿਆ ਕਿ “ਸਪੇਨ ਵਿਦੇਸ਼ ਮੰਤਰਾਲੇ ਨੇ ਇਹ ਵਿਸ਼ਵਾਸ ਦਵਾਇਆ ਕਿ ਦੋ-ਤਿੰਨ ਦਿਨ ਵਿੱਚ ਸਾਰਾ ਮਸਲਾ ਹੱਲ ਹੋ ਜਾਵੇਗਾ। ਸੋ ਜਿਨਾਂ ਵੀ ਵੀਰਾ-ਭੈਣਾਂ ਦੇ ਕਾਰਡ ਖਤਮ ਹੋ ਗਏ ਹਨ ਅਤੇ ਸਪੇਨ ਵਾਪਸ ਆਉਣ ਵਿੱਚ ਮੁਸ਼ਕਿਲ ਆ ਰਹੀ ਹੈ, ਉਹ ਆਪਣੇ ਰੈਜੀਡੈਂਸੀ ਕਾਰਡ ਦੀ ਤਸਵੀਰ Rajkardakhalsa@gmail.com ਈਮੇਲ ਕਰ ਸਕਦੇ ਹਨ ਅਤੇ ਉਹ ਆਪਣੇ ਵੱਲੋਂ ਇਸ ਮਸਲੇ ਨੂੰ ਹੱਲ ਕਰਨ ਲਈ ਪੂਰੀ ਕੋਸ਼ਿਸ਼ ਕਰਨਗੇ”।