ਦ ਖਾਲਸ ਬਿਊਰੋ :- ਕਈ ਸਾਲਾਂ ਤੋਂ ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 106 ਭਾਰਤੀ ਪਰਵਾਸੀਆਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਡਿਪੋਰਟ ਕਰ ਦਿੱਤਾ ਹੈ । ਡਿਪੋਰਟ ਕੀਤੇ ਇਹ ਸਾਰੇ ਵਿਅਕਤੀ ਪੰਜਾਬ ਅਤੇ ਹਰਿਆਣਾ ਦੇ ਰਹਿਣ ਵਾਲੇ ਹਨ। ਡਿਪੋਰਟ ਕੀਤੇ ਇਨ੍ਹਾਂ 106 ਭਾਰਤੀਆਂ ਵਿੱਚੋ 59 ਵਿਅਕਤੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ 34 ਦੇ ਕਰੀਬ ਪਰਵਾਸੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ ਉਹ ਦੋਆਬਾ ਜਲੰਧਰ ਦੇ ਹੀ ਰਹਿਣ ਵਾਲੇ ਹਨ ।

ਡਿਪੋਰਟ ਕੀਤੇ ਗਏ ਇਨ੍ਹਾਂ ਪਰਵਾਸੀਆਂ ਦਾ ਜਹਾਜ਼ 23 ਜੂਨ ਦੀ ਰਾਤ ਨੂੰ ਸ਼੍ਹੀ ਅੰਮ੍ਰਿਤਸਰ ਹਵਾਈ ਅੱਡੇ `ਤੇ ਉਤਰਿਆ ਸੀ। ਡਿਪੋਰਟ ਹੋ ਕੇ ਆਉਣ ਵਾਲਿਆਂ ਵਿੱਚ 8 ਜਲੰਧਰ, 15 ਹੁਸ਼ਿਆਰਪੁਰ ਅਤੇ 11 ਵਿਅਕਤੀ ਕਪੂਰਥਲਾ ਦੇ ਰਹਿਣ ਵਾਲੇ ਹਨ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਪਰਵਾਸੀ ਨੌਜਵਾਨਾਂ ਨੂੰ ਡਿਪੋਰਟ ਕੀਤਾ ਗਿਆ ਹੋਵੇ। ਹਰ ਕੋਈ ਪੰਜਾਬੀ ਨੌਜਵਾਨ ਆਪਣੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਵਿਦੇਸ਼ਾਂ ਵਿੱਚ ਜਾਂਦਾ ਹੈ। ਇਸੇ ਤਰ੍ਹਾਂ ਹੀ ਇਹ ਪੰਜਾਬੀ ਵੀ ਕਈ ਸਾਲਾਂ ਤੋਂ ਅਮਰੀਕਾਂ ਵਿੱਚ ਰਹਿ ਰਹੇ ਸਨ ਪਰ ਪੱਕੇ ਨਹੀਂ ਹੋਏ ਸੀ।

ਦੱਸ ਦੱਈਏ ਕਿ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਦੇਸ਼ ਵਿੱਚ `ਰਾਸ਼ਟਰਵਾਦ` ਦੇ ਨਾਂ ‘ਤੇ ਇੱਕ ਮੁਹਿੰਮ ਚਲਾਈ ਹੋਈ ਹੈ। ਹੁਣ ਇਸੇ ਮੁਹਿੰਮ ਦੇ ਤਹਿਤ ਹੀ ਅਮਰੀਕਾ ਵਿੱਚ ਵਸੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਉਥੋਂ ਕੱਢਿਆ ਜਾ ਰਿਹਾ ਹੈ ਜੋ ਕਿ ਪਿਛਲੇ ਕਈਂ ਸਾਲਾਂ ਤੋਂ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹਨ।