Punjab

ਪੰਜਾਬ ਦੇ 45 ਫ਼ੀਸਦੀ ਪੈਟਰੋਲ ਪੰਪ ਅੱਜ ਹੋ ਜਾਣਗੇ Dry! ਹੜਤਾਲ ਨਾ ਖ਼ਤਮ ਹੋਈ ਤਾਂ ਵਧਣਗੀਆਂ ਮੁਸ਼ਕਲਾਂ

45 percent of Punjab's petrol pumps will be dry today! If the strike does not end, problems will increase

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਗਏ ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਦੇਸ਼ ਭਰ ‘ਚ ਟਰੱਕ ਡਰਾਈਵਰਾਂ ਦੀ ਹੜਤਾਲ ਜਾਰੀ ਹੈ। ਜਿਸ ਦੇ ਚਲਦੇ ਇਸ ਦਾ ਅਸਰ ਦੇਖਣ ਨੂੰ ਵੀ ਮਿਲਣ ਲੱਗਾ ਹੈ। ਹੜਤਾਲ ਦਾ ਅਸਰ ਪੈਟਰੋਲ ਪੰਪਾਂ ‘ਤੇ ਸਿੱਧਾ ਸਿੱਧਾ ਪੈਣਾ ਸ਼ੁਰੂ ਹੋ ਗਿਆ ਹੈ।

ਪੰਜਾਬ ‘ਚ ਵੀ ਡਰਾਈਵਰਾਂ ਵੱਲੋਂ ਹੜਤਾਲ ਜਾਰੀ ਹੈ। ਜੇਕਰ ਅੱਜ ਸ਼ਾਮ ਤੱਕ ਹੜਤਾਲ ਖ਼ਤਮ ਨਾ ਹੋਈ ਤਾਂ ਪੈਟਰੋਲ ਪੰਪ ਮਾਲਕਾਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਸੂਬੇ ਦੇ 45 ਫ਼ੀਸਦੀ ਪੈਟਰੋਲ ਪੰਪ ਸੁੱਕੇ ਹੋਣ ਦੀ ਸੰਭਾਵਨਾ ਹੈ, ਯਾਨੀ ਕਿ ਉਨ੍ਹਾਂ ‘ਚ ਤੇਲ ਖ਼ਤਮ ਹੋ ਜਾਵੇਗਾ।

ਪੰਜਾਬ ਦੇ ਕਈ ਜ਼ਿਲ੍ਹਿਆਂ `ਚ ਪੈਟਰੋਲ ਪੰਪਾਂ ‘ਤੇ ਪੈਟਰੋਲ ਖ਼ਤਮ ਹੋ ਗਿਆ। ਇਸ ਨਾਲ ਪੰਪ ਮਾਲਕਾ ਨੇ ਪੰਪ ਬੰਦ ਕਰ ਦਿੱਤੇ, ਏਨਾ ਹੀ ਨਹੀਂ, ਕਈ ਪੰਪਾਂ ‘ਤੇ ਡੀਜ਼ਲ ਵੀ ਖ਼ਤਮ ਹੋਣ ਦੀ ਸੂਚਨਾ ਹੈ। ਰੂਪਨਗਰ ‘ਚ ਪੈਟਰੋਲ ਪੰਪਾਂ ‘ਤੇ ਦੇਰ ਸ਼ਾਮ ਨੂੰ ਪੈਟਰੋਲ ਤੇ ਡੀਜ਼ਲ ਪੁਆਉਣ ਲਈ ਵਾਹਨਾਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਲੁਧਿਆਣਾ ਤੇ ਬਰਨਾਲਾ ‘ਚ ਵੀ ਇਹੀ ਸਥਿਤੀ ਰਹੀ।

ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਕਰੀਬ 3600 ਪੈਟਰੋਲ ਪੰਪ ਹਨ। ਜਿੱਥੇ ਤੇਲ ਦੀ ਸਪਲਾਈ ਮੁੱਖ ਤੌਰ ‘ਤੇ ਬਠਿੰਡਾ, ਜਲੰਧਰ ਅਤੇ ਸੰਗਰੂਰ ਤੋਂ ਟੈਂਕਰਾਂ ਵਿੱਚ ਹੁੰਦੀ ਹੈ। ਇਸ ਕੰਮ ਵਿੱਚ ਟਰੱਕ, ਟੈਂਕਰ ਪਿਕਅੱਪ ਅਤੇ ਹੋਰ ਕਈ ਤਰ੍ਹਾਂ ਦੇ ਵਾਹਨ ਵਰਤੇ ਜਾਂਦੇ ਹਨ। ਜਦੋਂ ਕਿ ਤੇਲ ਕੰਪਨੀਆਂ ਦੇ ਵੀ ਆਪਣੇ ਵਾਹਨ ਹਨ, ਹੜਤਾਲ ਕਾਰਨ ਤੇਲ ਕੰਪਨੀਆਂ ਦੀਆਂ ਗੱਡੀਆਂ ਵੀ ਤੇਲ ਦੀ ਢੋਆ-ਢੁਆਈ ਕਰਨ ਤੋਂ ਅਸਮਰਥ ਹਨ। ਹੜਤਾਲੀ ਡਿਪੂਆਂ ਤੋਂ ਤੇਲ ਨਹੀਂ ਭਰਨ ਦੇ ਰਹੇ ਹਨ।

ਸਰਕਾਰ ਅਤੇ ਤੇਲ ਕੰਪਨੀਆਂ ਵੀ ਹੜਤਾਲ ਨੂੰ ਲੈ ਕੇ ਗੰਭੀਰ ਹਨ। ਅਜਿਹੇ ‘ਚ ਸਰਕਾਰ ਅਤੇ ਤੇਲ ਕੰਪਨੀਆਂ ਹੜਤਾਲ ‘ਤੇ ਬੈਠੇ ਆਪਰੇਟਰਾਂ ਨਾਲ ਗੱਲਬਾਤ ਕਰ ਰਹੀਆਂ ਹਨ ਤਾਂ ਜੋ ਆਮ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਨਾ ਹੋਣ। ਉਮੀਦ ਹੈ ਕਿ ਸ਼ਾਮ ਤੱਕ ਕੋਈ ਹੱਲ ਕੱਢ ਲਿਆ ਜਾਵੇਗਾ। ਜੇ ਕੋਈ ਹੱਲ ਨਾ ਕੱਢਿਆ ਗਿਆ ਤਾਂ ਸਥਿਤੀ ਹੋਰ ਵਿਗੜ ਜਾਵੇਗੀ।

ਪੰਜਾਬ ਪੈਟਰੋਲ ਪੰਪ ਐਸੋਸੀਏਸ਼ਨ ਦੇ ਬੁਲਾਰੇ ਅਤੇ ਮੋਹਾਲੀ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਿੰਦਰ ਮੋਂਗੀਆ ਨੇ ਕਿਹਾ ਕਿ ਜੇ ਹੜਤਾਲ ਖਤਮ ਨਾ ਹੋਈ ਤਾਂ ਅੱਜ ਤੋਂ ਬਾਅਦ ਸਥਿਤੀ ਗੰਭੀਰ ਹੋ ਜਾਵੇਗੀ। ਮੰਗਲਵਾਰ ਸ਼ਾਮ ਤੱਕ 40 ਤੋਂ 45 ਫੀਸਦੀ ਪੈਟਰੋਲ ਪੰਪ ਡਰਾਈ ਹੋ ਜਾਣਗੇ। ਦੂਜੇ ਪਾਸੇ ਇਸ ਕਾਰਨ ਪੈਟਰੋਲ ਪੰਪ ਨੂੰ ਵੀ ਨੁਕਸਾਨ ਹੋ ਰਿਹਾ ਹੈ। ਕਿਉਂਕਿ ਲੋਕ ਦੂਜੇ ਰਾਜਾਂ ਤੋਂ ਤੇਲ ਭਰ ਕੇ ਆ ਰਹੇ ਹਨ। ਅਜਿਹੇ ‘ਚ ਪੈਟਰੋਲ ਪੰਪਾਂ ਦੀ ਵਿਕਰੀ ‘ਚ ਗਿਰਾਵਟ ਆਈ ਹੈ।

ਜੇ ਡਰਾਈਵਰਾਂ ਦੀ ਹੜਤਾਲ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਇਸ ਦਾ ਅਸਰ ਸੂਬੇ ਦੀਆਂ ਮੰਡੀਆਂ ਵਿੱਚ ਵੀ ਦੇਖਣ ਨੂੰ ਮਿਲੇਗਾ। ਇਸ ਦਾ ਅਸਰ ਖਾਸ ਕਰਕੇ ਸਬਜ਼ੀ ਮੰਡੀਆਂ ‘ਤੇ ਜ਼ਿਆਦਾ ਪਵੇਗਾ ਕਿਉਂਕਿ ਜ਼ਿਆਦਾਤਰ ਸਬਜ਼ੀਆਂ ਬਾਹਰਲੇ ਸੂਬਿਆਂ ਤੋਂ ਆਉਂਦੀਆਂ ਹਨ। ਦਿੱਲੀ, ਹਿਮਾਚਲ ਅਤੇ ਹੋਰ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀ ਗਿਣਤੀ ਘਟਣ ਲੱਗੀ ਹੈ। ਹਿੱਟ ਐਂਡ ਰਨ ਕੇਸਾਂ ਵਿੱਚ ਦੋਸ਼ੀ ਡਰਾਈਵਰ ਨੂੰ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਵਿਵਸਥਾ ਕੀਤੀ ਗਈ ਹੈ।

ਇਸ ਦੇ ਵਿਰੋਧ ਵਿੱਚ ਡਰਾਈਵਰ ਅਤੇ ਟਰਾਂਸਪੋਰਟਰ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਹਾਦਸੇ ਜਾਣਬੁੱਝ ਕੇ ਨਹੀਂ ਹੁੰਦੇ ਅਤੇ ਡਰਾਈਵਰ ਅਕਸਰ ਡਰਦੇ ਹਨ ਕਿ ਜੇ ਉਹ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਭੀੜ ਦੀ ਹਿੰਸਾ ਦਾ ਸ਼ਿਕਾਰ ਹੋ ਜਾਣਗੇ। ਇਸ ਲਈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।