‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ‘ਚ ਕਲੇਸ਼ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਕਾਂਗਰਸ ਦੇ 80 ਵਿੱਚੋਂ 40 ਵਿਧਾਇਕਾਂ ਨੇ ਹਾਈਕਮਾਂਡ ਨੂੰ ਚਿੱਠੀ ਲਿਖ ਕੇ ਵਿਧਾਇਕ ਦਲ ਦੀ ਮੀਟਿੰਗ ਛੇਤੀ ਤੋਂ ਛੇਤੀ ਬੁਲਾਉਣ ਦੀ ਮੰਗ ਕੀਤੀ ਹੈ। ਵਿਧਾਇਕਾਂ ਨੇ ਮੀਟਿੰਗ ਵਿੱਚ ਦੋ ਕੇਂਦਰੀ ਆਬਜ਼ਰਵਰ ਵੀ ਭੇਜਣ ਦੀ ਮੰਗ ਕੀਤੀ ਹੈ, ਜਿਨ੍ਹਾਂ ਦੇ ਸਾਹਮਣੇ ਵਿਧਾਇਕ ਆਪਣੀ ਗੱਲ ਰੱਖਣਗੇ।
ਵਿਧਾਇਕ ਦਲ ਦੀ ਬੈਠਕ ਬੁਲਾਉਣ ਲਈ ਕੈਪਟਨ ਅਮਰਿੰਦਰ ਸਿੰਘ ‘ਤੇ ਅਵਿਸ਼ਵਾਸ ਪ੍ਰਗਟਾਉਣ ਵਾਲੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਸਾਥੀ ਤਿੰਨ ਮੰਤਰੀਆਂ ਅਤੇ ਕੁੱਝ ਵਿਧਾਇਕਾਂ ਦੇ ਨਾਲ, ਵਿਧਾਇਕ ਦਲ ਦੀ ਬੈਠਕ ਬੁਲਾਉਣ ਲਈ ਸੋਨੀਆ ਗਾਂਧੀ ਨੂੰ ਲਿਖੇ ਪੱਤਰ ‘ਤੇ ਹੋਰ ਕਾਂਗਰਸੀ ਵਿਧਾਇਕਾਂ ਦੇ ਦਸਤਖਤ ਕਰਵਾਏ। ਸੂਤਰਾਂ ਮੁਤਾਬਕ ਬੁੱਧਵਾਰ ਸ਼ਾਮ ਨੂੰ ਕਾਂਗਰਸ ਦੇ ਸੂਬਾ ਜਨਰਲ ਸਕੱਤਰ (ਸੰਗਠਨ) ਪ੍ਰਗਟ ਸਿੰਘ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ‘ਤੇ ਲੀਡਰਾਂ ਵਿਚਕਾਰ ਗੱਲਬਾਤ ਦਾ ਦੌਰ ਚੱਲਿਆ। ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਗੱਲਬਾਤ ਹੋਈ।