ਫਤਿਹਗੜ੍ਹ ਸਾਹਿਬ : ਸਰਹਿੰਦ ਨੈਸ਼ਨਲ ਹਾਈਵੇਅ ’ਤੇ ਪਿੰਡ ਸੈਦਪੁਰਾ ਨੇੜੇ 29 ਮਈ ਨੂੰ ਪੈਟਰੋਲ ਪੰਪ ਦੇ ਮੁਲਾਜ਼ਮਾਂ ਤੋਂ ਬੰਦੂਕ ਦੀ ਨੋਕ ’ਤੇ 40.79 ਲੱਖ ਰੁਪਏ ਦੀ ਨਕਦੀ ਲੁੱਟਣ ਦੇ ਮਾਮਲੇ ਦੀ ਗੁੱਥੀ ਸੁਲਝ ਗਈ ਹੈ। ਇਸ ਲੁੱਟ ਵਿੱਚ ਅੰਮ੍ਰਿਤਸਰ ਵਾਸੀ ਪੰਪ ਦਾ ਸਾਬਕਾ ਮੈਨੇਜਰ ਵਿਕਰਮਜੀਤ ਸਿੰਘ ਵੀ ਸ਼ਾਮਲ ਸੀ ਅਤੇ ਉਹ ਹੀ ਪੂਰੀ ਯੋਜਨਾ ਦਾ ਮਾਸਟਰਮਾਈਂਡ ਹੈ। ਪੁਲੀਸ ਨੇ ਉਸ ਦੇ ਘਰੋਂ 33.73 ਲੱਖ ਰੁਪਏ ਬਰਾਮਦ ਕੀਤੇ ਹਨ। ਮਾਮਲੇ ਵਿੱਚ ਛੇ ਵਿੱਚੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਐਸਪੀ ਡਾਕਟਰ ਰਵਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁਟੇਰਿਆਂ ਕੋਲੋਂ 33.73 ਲੱਖ ਰੁਪਏ ਬਰਾਮਦ ਕਰਕੇ 48 ਘੰਟਿਆਂ ਵਿੱਚ ਇਸ ਵਾਰਦਾਤ ਨੂੰ ਸੁਲਝਾ ਲਿਆ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਚਾਰ ਕਾਰ ਸਵਾਰਾਂ ਨੇ ਪਿੰਡ ਸੈਦਪੁਰਾ ਨੇੜੇ ਇੱਕ ਪੈਟਰੋਲ ਪੰਪ ਦੇ ਸੇਵਾਦਾਰਾਂ ਤੋਂ 40.79 ਲੱਖ ਰੁਪਏ ਦੀ ਨਕਦੀ ਲੁੱਟ ਲਈ ਜਦੋਂ ਉਹ ਬੈਂਕ ਵਿੱਚ ਨਕਦੀ ਜਮ੍ਹਾਂ ਕਰਵਾਉਣ ਜਾ ਰਹੇ ਸਨ।
ਘਟਨਾ ਦੀ ਜਾਂਚ ਵਿਚ ਪੁਲਿਸ ਨੂੰ ਸੁਰਾਗ ਮਿਲੇ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਖਰੜ ਦੇ ਇਲਾਕੇ ਵਿਚ ਘੁੰਮ ਰਹੇ ਸਨ। ਇਹ ਜਾਣਕਾਰੀ ਏ.ਜੀ.ਟੀ.ਐਫ.ਨਾਲ ਸਾਂਝੀ ਕਰਦਿਆਂ ਫ਼ਤਹਿਗੜ੍ਹ ਸਾਹਿਬ ਪੁਲਿਸ ਅਤੇ ਏ.ਜੀ.ਟੀ.ਐਫ ਦੀ ਸਾਂਝੀ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਜੌਹਲ (ਅੰਮ੍ਰਿਤਸਰ) ਅਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਬੰਤਾਰਾ (ਤਰਨਤਾਰਨ) ਨੂੰ ਨਾਕਾਬੰਦੀ ਕਰਕੇ ਕਾਬੂ ਕੀਤਾ।
ਗੋਲੀਬਾਰੀ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ 32 ਬੋਰ ਦੇ ਦੋ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਲੁੱਟ ਦੀ ਵਾਰਦਾਤ ਦਾ ਮੁੱਖ ਸਾਜ਼ਿਸ਼ਕਰਤਾ ਵਿਕਰਮਜੀਤ ਸਿੰਘ ਵਾਸੀ ਪਿੰਡ ਟਾਂਗਰਾ (ਅੰਮ੍ਰਿਤਸਰ) ਹੈ। ਇਸ ਤੋਂ ਬਾਅਦ ਸੀਆਈਏ ਸਰਹਿੰਦ ਦੇ ਇੰਚਾਰਜ ਅਮਰਬੀਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਕਾਰ ਵਿੱਚ ਘੁੰਮ ਰਹੇ ਵਿਕਰਮਜੀਤ ਸਿੰਘ ਨੂੰ ਕਾਬੂ ਕਰ ਕੇ ਉਸ ਦੇ ਘਰੋਂ 33 ਲੱਖ 73 ਹਜ਼ਾਰ ਰੁਪਏ ਬਰਾਮਦ ਕੀਤੇ।
ਪੰਪ ਦੇ ਸਾਬਕਾ ਮੈਨੇਜਰ ਨੇ ਲੁੱਟ ਦੀ ਸਾਜ਼ਿਸ਼ ਰਚੀ
ਐਸਐਸਪੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੈਨੇਜਰ ਵਿਕਰਮਜੀਤ ਸਿੰਘ ਨੂੰ 30 ਅਪ੍ਰੈਲ 2023 ਨੂੰ ਪੈਟਰੋਲ ਪੰਪ ‘ਤੇ ਨੌਕਰੀ ਦਾ ਠੇਕਾ ਖਤਮ ਹੋਣ ਤੋਂ ਬਾਅਦ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕੰਪਨੀ ਨੇ ਪੈਟਰੋਲ ਪੰਪ ‘ਤੇ ਨਵਾਂ ਮੈਨੇਜਰ ਨਿਯੁਕਤ ਕਰ ਦਿੱਤਾ ਸੀ। ਪੰਪ ‘ਤੇ ਲੱਖਾਂ ਰੁਪਏ ਦੀ ਨਕਦੀ ਬਾਰੇ ਜਾਣਦੇ ਹੋਏ ਵਿਕਰਮਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਐਸਐਸਪੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਅਤੇ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।