India

ਬ੍ਰਿਜ ਭੂਸ਼ਣ ਮਾਮਲੇ ਵਿੱਚ 4 ਪਹਿਲਵਾਨਾਂ ਨੇ ਪੁਲਿਸ ਨੂੰ ਸੌਂਪੇ ਸਬੂਤ, ਜਾਣੋ ਅੱਗੇ ਕੀ ਹੋਵੇਗਾ?

4 wrestlers submit evidence to police in Brij Bhushan case

ਦਿੱਲੀ :  ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਮਹਿਲਾ ਪਹਿਲਵਾਨਾਂ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਅੰਤਿਮ ਪੜਾਅ ‘ਤੇ ਹੈ। ਆਪਣੇ ਦੋਸ਼ਾਂ ਦੇ ਸਬੂਤ ਵਜੋਂ ਇਨ੍ਹਾਂ ਪਹਿਲਵਾਨਾਂ ਨੇ ਕਈ ਆਡੀਓ ਰਿਕਾਰਡਿੰਗ ਦਿੱਲੀ ਪੁਲਿਸ ਨੂੰ ਸੌਂਪੀ ਹੈ ਅਤੇ ਵੀਡੀਓਜ਼ ਵੀ ਦਿੱਤੇ ਗਏ ਹਨ। ਪੁਲਿਸ ਨੂੰ ਇਸ ਮਾਮਲੇ ਵਿੱਚ 15 ਜੂਨ ਤੋਂ ਪਹਿਲਾਂ ਚਾਰਜਸ਼ੀਟ ਦਾਖ਼ਲ ਕਰਨੀ ਹੋਵੇਗੀ।

ਜਾਣਕਾਰੀ ਮੁਤਾਬਕ ਦੋਸ਼ ਲਗਾਉਣ ਵਾਲੀਆਂ 6 ਮਹਿਲਾ ਪਹਿਲਵਾਨਾਂ ‘ਚੋਂ 4 ਨੇ ਪੁਲਿਸ ਨੂੰ ਇਹ ਸਬੂਤ ਮੁਹੱਈਆ ਕਰਵਾਏ ਹਨ। ਪੁਲਿਸ ਸਾਹਮਣੇ ਆਪਣੀ ਸ਼ਿਕਾਇਤ ਵਿਚ ਇਨ੍ਹਾਂ ਔਰਤਾਂ ਨੇ ਬ੍ਰਿਜ ਭੂਸ਼ਣ ‘ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਬਹਾਨਾ ਬਣਾ ਕੇ ਗ਼ਲਤ ਇਰਾਦੇ ਨਾਲ ਉਨ੍ਹਾਂ ਨੂੰ ਛੂਹਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਦੋਸ਼ਾਂ ਦੇ ਸਮਰਥਨ ਵਿਚ ਸਬੂਤ ਪੇਸ਼ ਕਰਨ ਲਈ ਕਿਹਾ ਸੀ। ਐਤਵਾਰ ਨੂੰ ਇਨ੍ਹਾਂ ਮਹਿਲਾ ਪਹਿਲਵਾਨਾਂ ਨੇ ਦੋਸ਼ਾਂ ਦੀ ਪੁਸ਼ਟੀ ਲਈ ਪੁਲਿਸ ਨੂੰ ਆਡੀਓ-ਵੀਜ਼ੂਅਲ ਸਬੂਤ ਮੁਹੱਈਆ ਕਰਵਾਏ।

ਦੱਸ ਦੇਈਏ ਕਿ ਇਸ ਮਾਮਲੇ ‘ਚ ਪੁਲਿਸ ਹੁਣ ਤੱਕ ਕਰੀਬ 200 ਲੋਕਾਂ ਦੇ ਬਿਆਨ ਦਰਜ ਕਰ ਚੁੱਕੀ ਹੈ, ਜਿਨ੍ਹਾਂ ‘ਚ ਸ਼ਿਕਾਇਤਕਰਤਾ ਪਹਿਲਵਾਨ, ਕੋਚ, ਰੈਫ਼ਰੀ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਸਾਥੀ ਸ਼ਾਮਲ ਹਨ। ਹਾਲ ਹੀ ‘ਚ ਡਬਲਯੂਐੱਫਆਈ ਦੇ ਪ੍ਰਧਾਨ ਬ੍ਰਜ ਭੂਸ਼ਣ ਸ਼ਰਨ ਦੀਆਂ ਮੁਸ਼ਕਲਾਂ ਉਸ ਸਮੇਂ ਵਧਦੀਆਂ ਨਜ਼ਰ ਆਈਆਂ ਜਦੋਂ ਦਿੱਲੀ ਪੁਲਸ ਨੇ ਮਹਿਲਾ ਪਹਿਲਵਾਨਾਂ ‘ਤੇ ਲੱਗੇ ਦੋਸ਼ਾਂ ਦੀ ਜਾਂਚ ਲਈ 5 ਦੇਸ਼ਾਂ ਦੇ ਕੁਸ਼ਤੀ ਮਹਾਸੰਘਾਂ ਤੋਂ ਮਦਦ ਮੰਗੀ। ਦਿੱਲੀ ਪੁਲਿਸ ਨੇ ਇਨ੍ਹਾਂ ਪੰਜ ਦੇਸ਼ਾਂ ਦੀਆਂ ਫੈਡਰੇਸ਼ਨਾਂ ਨੂੰ ਪੱਤਰ ਲਿਖ ਕੇ ਵੀਡੀਓ ਅਤੇ ਫ਼ੋਟੋਆਂ ਆਦਿ ਬਾਰੇ ਜਾਣਕਾਰੀ ਮੰਗੀ ਹੈ।

ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ‘ਤੇ ਇੰਡੋਨੇਸ਼ੀਆ, ਬੁਲਗਾਰੀਆ, ਕਜ਼ਾਕਿਸਤਾਨ, ਮੰਗੋਲੀਆ ਅਤੇ ਕਿਰਗਿਸਤਾਨ ‘ਚ ਹੋਏ ਟੂਰਨਾਮੈਂਟ ਦੌਰਾਨ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਦਿੱਲੀ ਪੁਲਿਸ ਨੇ ਇਨ੍ਹਾਂ ਦੇਸ਼ਾਂ ਦੇ ਕੁਸ਼ਤੀ ਫੈਡਰੇਸ਼ਨਾਂ ਨੂੰ ਪੱਤਰ ਲਿਖ ਕੇ ਟੂਰਨਾਮੈਂਟ ਦੀ ਵੀਡੀਓ ਫੁਟੇਜ ਅਤੇ ਅਥਲੀਟਾਂ ਦੇ ਠਹਿਰਨ ਦੀ ਵੀਡੀਓ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਰੈਸਲਿੰਗ ਫੈਡਰੇਸ਼ਨਾਂ ਤੋਂ ਮੰਗੇ ਗਏ ਵੇਰਵੇ 15 ਜੂਨ ਤੱਕ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਹਨ। 15 ਜੂਨ ਤੱਕ ਦਿੱਲੀ ਪੁਲਿਸ ਇਸ ਮਾਮਲੇ ਵਿੱਚ ਆਪਣੀ ਰਿਪੋਰਟ ਦਾਖ਼ਲ ਕਰੇਗੀ। ਹੁਣ ਪੁਲਿਸ 15 ਜੂਨ ਤੋਂ ਬਾਅਦ ਵਿਦੇਸ਼ਾਂ ਤੋਂ ਮਿਲੇ ਵੇਰਵੇ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਦਰਜ ਕਰ ਸਕਦੀ ਹੈ।