‘ਦ ਖ਼ਾਲਸ ਬਿਊਰੋ :- ਗੁਜਰਾਤ ਤੋਂ 3 ਹਜ਼ਾਰ ਕਿਲੋ ਹੈਰੋਇਨ ਬਰਾਮਦ ਹੋਈ ਹੈ ਅਤੇ ਇਸ ਦੀਆਂ ਤਾਰਾਂ ਅੰਮ੍ਰਿਤਸਰ ਦੇ ਮਸ਼ਹੂਰ ਡਰੱਗ ਕੇਸ ਦੇ ਦੋਸ਼ੀ ਅਤੇ ਸਾਬਕਾ ਅਕਾਲੀ ਲੀਡਰ ਅਨਵਰ ਮਸੀਹ ਨਾਲ ਜੁੜੀਆਂ ਹੋਈਆਂ ਦੱਸੀਆਂ ਜਾ ਰਹੀਆਂ ਹਨ। ਐੱਨਆਈਏ ਦੀਆਂ ਟੀਮਾਂ ਨੇ ਅੱਜ ਸਵੇਰੇ ਭਾਰੀ ਪੁਲਿਸ ਫੋਰਸ ਦੇ ਨਾਲ ਅੰਮ੍ਰਿਤਸਰ ਵਿੱਚ ਅਨਵਰ ਮਸੀਹ ਦੇ ਘਰ ਛਾਪਾ ਮਾਰਿਆ। ਦਰਅਸਲ, ਜੁਲਾਈ 2020 ਵਿੱਚ ਪੰਜਾਬ ਪੁਲਿਸ ਨੇ ਅਨਵਰ ਮਸੀਹ ਦੁਆਰਾ ਕਿਰਾਏ ‘ਤੇ ਲਈ ਗਈ ਕੋਠੀ ਵਿੱਚੋਂ 194 ਕਿਲੋ ਹੈਰੋਇਨ ਬਰਾਮਦ ਕੀਤੀ ਸੀ।
ਪਿਛਲੇ ਦਿਨੀਂ ਗੁਜਰਾਤ ਦੇ ਕੱਛ ਦੇ ਮੁੰਦਰਾ ਬੰਦਰਗਾਹ ਤੋਂ ਹੈਰੋਇਨ ਦੀ ਵੱਡੀ ਖੇਪ ਫੜੀ ਗਈ ਹੈ। ਡਾਇਰੈਕਟੋਰੇਟ ਆਫ ਰੈਵੇਨਿ ਇੰਟੈਲੀਜੈਂਸ (ਡੀਆਰਆਈ) ਦੁਆਰਾ ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ ਲਗਭਗ 21 ਹਜ਼ਾਰ ਕਰੋੜ ਰੁਪਏ ਦੱਸੀ ਜਾਂਦੀ ਹੈ। ਬੰਦਰਗਾਹ ‘ਤੇ ਦੋ ਕੰਟੇਨਰਾਂ ‘ਚ ਲਗਭਗ 3 ਹਜ਼ਾਰ ਕਿਲੋ ਹੈਰੋਇਨ ਜ਼ਬਤ ਕੀਤੀ ਗਈ ਹੈ। ਇਸ ਦੇ ਨਾਲ ਹੀ ਦੋ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।