India Punjab

ਪੀੜਤਾਂ ਦੀ ਸਾਰ ਲੈਣ ਲਖੀਮਪੁਰ ਪਹੁੰਚੇ ਹਰਸਿਮਰਤ ਕੌਰ ਬਾਦਲ ਤੇ ਸਿੱਧੂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਲਖੀਮਪੁਰ ਖੀਰੀ ਦੇ ਪੀੜਤ ਕਿਸਾਨ ਪਰਿਵਾਰਾਂ ਨੂੰ ਮਿਲਣ ਲਈ ਤਕਰੀਬਨ ਸਾਰੇ ਸਿਆਸੀ ਲੀਡਰ ਵਹੀਰਾਂ ਘੱਤ ਰਹੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਅਕਾਲੀ ਦਲ ਦੇ ਵਫ਼ਦ ਨਾਲ ਲਖੀਮਪੁਰ ਖੀਰੀ ਪਹੁੰਚੀ ਤੇ ਕਿਸਾਨ ਪਰਿਵਾਰ ਨਾਲ ਦੁੱਖ ਵੰਡਾਇਆ।

ਲਖਨਊ ਹਵਾਈ ਅੱਡੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਰਸਿਮਰਤ ਕੌਰ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸਾਨੀ ਸੰਗਠਨ ਨਾਲ ਗੱਲ ਕੀਤੇ ਬਿਨਾਂ ਦੇਸ਼ ਦੇ ਕਿਸਾਨਾਂ ਉੱਪਰ ਥੋਪੇ ਗਏ ਹਨ, ਜਿਸ ਨਾਲ ਕਿਸਾਨ ਨੂੰ ਡਰ ਹੈ ਕਿ ਉਨ੍ਹਾਂ ਦੀ ਜ਼ਮੀਨ, ਅਨਾਜ, ਬੱਚਿਆਂ ਦਾ ਭਵਿੱਖ ਸਾਰਾ ਕੁਝ ਪੂੰਜੀਪਤੀਆਂ ਦੇ ਹੱਥ ਆ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਤੋਂ ਮੰਗ ਹੈ ਕਿ ਕਾਨੂੰਨ ਵਾਪਸ ਲਓ ਅਤੇ ਸਾਡੇ ਨਾਲ ਗੱਲ ਕਰਕੇ ਅਜਿਹਾ ਕਾਨੂੰਨ ਲੈ ਕੇ ਆਓ ਜਿਸ ਨਾਲ ਸਾਡਾ ਭਲਾ ਹੁੰਦਾ ਹੋਵੇ। ਪਰ ਅਫ਼ਸੋਸ ਇਸ ਗੱਲ ਦਾ ਕਿ ਸਾਲ ਭਰ ਤੋਂ ਕਿਸਾਨਾਂ ਦੀ ਇੱਕ ਵੀ ਨਹੀਂ ਸੁਣੀ ਗਈ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਜੋ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਸੰਦੇਸ਼ ਦਿੰਦਾ ਹੋਵੇ, ਇਸ ਤੋਂ ਘਟੀਆ ਸਿਆਸਤ ਕੀ ਹੋ ਸਕਦੀ ਹੈ, ਤੁਸੀਂ ਉਸ ਨੂੰ ਆਪਣੀ ਸਰਕਾਰ ਵਿੱਚ ਰੱਖੋ। ਉਨਾਂ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮੰਤਰੀ ਨੂੰ ਬਰਖ਼ਾਸਤ ਕੀਤਾ ਜਾਵੇ। ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਸਭ ਤੋਂ ਪਹਿਲਾਂ ਉਹ ਨਿਆਂ ਚਾਹੁੰਦੇ ਹਨ, ਨਿਆਂ ਦਿੱਤਾ ਜਾਵੇ।

ਉੱਧਰ, ਨਵਜੋਤ ਸਿੰਘ ਸਿੱਧੂ ਨੇ ਵੀ ਪੀੜਤ ਪਰਿਵਾਰ ਨਾਲ ਮਿਲ ਕੇ ਗੱਲਬਾਤ ਕੀਤੀ ਹੈ। ਲਵਪ੍ਰੀਤ ਸਿੰਘ (20) ਕੇਂਦਰੀ ਮੰਤਰੀ ਦੇ ਬੇਟੇ ਦੁਆਰਾ ਬੇਰਹਿਮੀ ਨਾਲ ਕਤਲ ਕੀਤੇ ਗਏ ਮ੍ਰਿਤਕਾਂ ਵਿੱਚੋਂ ਇੱਕ ਹੈ। ਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ, ਪੀਸੀਸੀ ਐਸਸੀ ਵਿਭਾਗ ਦੇ ਪ੍ਰਧਾਨ ਅਤੇ ਵਿਧਾਇਕ ਰਾਜ ਕੁਮਾਰ ਚੱਬੇਵਾਲ, ਪੀਸੀਸੀ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਪੀੜਤ ਪਰਿਵਾਰ ਦਾ ਦੁੱਖ ਸੁਣਿਆ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।