India

ਬੰਬ ਦੀ ਧਮਕੀ ਤੋਂ ਬਾਅਦ ਅੱਜ 20 ਉਡਾਣਾਂ ਦੀ ਕਰਵਾਈ ਐਮਰਜੈਂਸੀ ਲੈਂਡਿੰਗ! ਹੁਣ ਤੱਕ 80 ਕਰੋੜ ਰੁਪਏ ਦਾ ਹੋਇਆ ਨੁਕਸਾਨ

ਬਿਉਰੋ ਰਿਪੋਰਟ: ਅੱਜ ਸ਼ਨੀਵਾਰ ਨੂੰ ਇੰਡੀਅਨ ਏਅਰਲਾਈਨਜ਼ ਦੀਆਂ 20 ਤੋਂ ਵੱਧ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਵਿੱਚ ਇੰਡੀਗੋ, ਏਅਰ ਇੰਡੀਆ, ਅਕਾਸਾ, ਵਿਸਤਾਰਾ, ਸਪਾਈਸਜੈੱਟ, ਸਟਾਰ ਏਅਰ ਅਤੇ ਅਲਾਇੰਸ ਏਅਰ ਸ਼ਾਮਲ ਹਨ। ਪਿਛਲੇ ਇੱਕ ਹਫ਼ਤੇ ਵਿੱਚ 40 ਤੋਂ ਵੱਧ ਜਹਾਜ਼ਾਂ ਨੂੰ ਬੰਬ ਦੀ ਧਮਕੀ ਮਿਲੀ ਹੈ, ਜੋ ਸਾਰੀਆਂ ਝੂਠੀਆਂ ਸਾਬਤ ਹੋਈਆਂ ਹਨ। ਇਨ੍ਹਾਂ ਧਮਕੀਆਂ ਕਾਰਨ ਹੁਣ ਤੱਕ 80 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।

ਲਗਾਤਾਰ ਧਮਕੀਆਂ ਦੇ ਵਿਚਕਾਰ ਕੇਂਦਰ ਸਰਕਾਰ ਨੇ 16 ਅਕਤੂਬਰ ਨੂੰ ਫਲਾਈਟਾਂ ’ਤੇ ਏਅਰ ਮਾਰਸ਼ਲਾਂ ਦੀ ਗਿਣਤੀ ਦੁੱਗਣੀ ਕਰਨ ਦਾ ਫੈਸਲਾ ਕੀਤਾ ਸੀ। ਗ੍ਰਹਿ ਮੰਤਰਾਲੇ ਨੇ ਹਵਾਬਾਜ਼ੀ ਮੰਤਰਾਲੇ ਤੋਂ ਵੀ ਇਸ ਸਬੰਧੀ ਰਿਪੋਰਟ ਮੰਗੀ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਇੰਡੀਗੋ ਦੀਆਂ ਤਿੰਨ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਇਸ ਵਿੱਚ ਦਿੱਲੀ ਅਤੇ ਮੁੰਬਈ ਤੋਂ ਇਸਤਾਂਬੁਲ ਜਾਣ ਵਾਲੀ ਇੰਡੀਗੋ ਵੀ ਸ਼ਾਮਲ ਹੈ।

ਇਸ ਤੋਂ ਇਲਾਵਾ ਵਿਸਤਾਰਾ ਦੀ ਉਦੈਪੁਰ ਤੋਂ ਮੁੰਬਈ ਜਾਣ ਵਾਲੀ ਫਲਾਈਟ ਨੂੰ ਵੀ ਧਮਕੀ ਮਿਲੀ ਸੀ। ਇਨ੍ਹਾਂ ਸਾਰੇ ਜਹਾਜ਼ਾਂ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਹਾਲਾਂਕਿ ਸ਼ਨੀਵਾਰ ਨੂੰ 20 ਤੋਂ ਵੱਧ ਜਹਾਜ਼ਾਂ ਨੂੰ ਧਮਕੀਆਂ ਮਿਲੀਆਂ ਸਨ, ਪਰ ਸਾਰਿਆਂ ਦੇ ਵੇਰਵੇ ਸਾਹਮਣੇ ਨਹੀਂ ਆਏ ਹਨ।