ਗਾਜ਼ੀਆਬਾਦ ਅਧੀਨ ਆਉਂਦੇ ਇਕ ਰੇਲਵੇ ਸਟੇਸ਼ਨ ‘ਤੇ ਟਰੇਨ ਦੀ ਲਪੇਟ ਵਿਚ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਤਿੰਨੇ ਲੋਕ ਰੇਲ ਲਾਈਨ ਉੱਤੇ ਵੀਡੀਓ ਬਣਾ ਰਹੇ ਸਨ। ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਦੋ ਪੁਰਸ਼ ਸ਼ਾਮਲ ਹਨ।
ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਤਿੰਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੜਕੀ ਦੀ ਉਮਰ 22 ਤੋਂ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਦੋਵਾਂ ਨੌਜਵਾਨਾਂ ਦੀ ਉਮਰ 30 ਤੋਂ 35 ਸਾਲ ਦੱਸੀ ਜਾ ਰਹੀ ਹੈ। ਫਿਲਹਾਲ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 9 ਵਜੇ ਦੇ ਕਰੀਬ ਇਹ ਨੌਜਵਾਨ ਕਾਲੂਗੜ੍ਹੀ ਫਾਟਕ ਅਤੇ ਡਾਸਨਾ ਸਟੇਸ਼ਨ ਦੇ ਵਿਚਕਾਰ ਰੇਲਵੇ ਟਰੈਕ ‘ਤੇ ਮੋਬਾਈਲ ਤੋਂ ਵੀਡੀਓ ਬਣਾ ਰਹੇ ਸਨ। ਦੂਜੇ ਪਾਸੇ ਤੋਂ ਪਦਮਾਵਤ ਐਕਸਪ੍ਰੈਸ ਤੇਜ਼ ਰਫਤਾਰ ਨਾਲ ਆ ਰਹੀ ਸੀ ਪਰ ਆਪਣੀ ਹੀ ਧੁਨ ‘ਚ ਮਗਨ ਹੋਏ ਇਨ੍ਹਾਂ ਨੌਜਵਾਨਾਂ-ਮੁਟਿਆਰਾਂ ਨੂੰ ਇਸ ਦਾ ਅਹਿਸਾਸ ਹੀ ਨਹੀਂ ਹੋਇਆ। ਜਦੋਂ ਤੱਕ ਉਹ ਰੇਲ ਦੀ ਪੱਟੜੀ ਤੋਂ ਪਾਸੇ ਹੁੰਦੇ ਉਦੋਂ ਤੱਕ ਰੇਲ ਉਨ੍ਹਾਂ ਨੂੰ ਦਰੜ ਕੇ ਅੱਗੇ ਵੱਧ ਗਈ ਸੀ।
ਗਾਜ਼ੀਆਬਾਦ ਦਿਹਾਤੀ ਦੇ ਡੀਸੀਪੀ ਇਰਾਜ ਰਾਜਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 9 ਵਜੇ ਥਾਣਾ ਮਸੂਰੀ ਦੇ ਇੱਕ ਰੇਲਵੇ ਸਟੇਸ਼ਨ ਮਾਸਟਰ ਵੱਲੋਂ ਸੂਚਨਾ ਮਿਲੀ ਕਿ ਉੱਥੇ 3 ਵਿਅਕਤੀ ਰੇਲ ਗੱਡੀ ਦੀ ਲਪੇਟ ਵਿੱਚ ਆ ਗਏ ਹਨ। ਡੀਸੀਪੀ ਨੇ ਕਿਹਾ ਕਿ ਸਾਨੂੰ ਰੇਲਵੇ ਤੋਂ ਜਾਣਕਾਰੀ ਮਿਲੀ ਕਿ ਇਹ ਤਿੰਨੇ ਲੋਕ ਉੱਥੇ ਵੀਡੀਓ ਬਣਾ ਰਹੇ ਸਨ ਅਤੇ ਟਰੇਨ ਨੂੰ ਨਹੀਂ ਦੇਖ ਸਕੇ, ਜਿਸ ਕਾਰਨ ਟਰੇਨ ਦੀ ਲਪੇਟ ‘ਚ ਆਉਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।