India Punjab

3 ਮਈ ਤੋਂ ਬਾਅਦ ਵੀ ਲਾਕਡਾਊਨ ਵਧਣ ਦੀ ਪੂਰੇ ਸੰਕੇਤ

‘ਦ ਖ਼ਾਲਸ ਬਿਊਰੋ :- ਕੋਵਿਡ-19 ਨਾਲ ਦੇਸ਼ ਭਰ ਵਿੱਚ ਬਣ ਰਹੀ ਸਥਿਤੀ ਬਾਰੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ। ਜ਼ਿਕਰਯੋਗ ਹੈ ਕਿ ਦੇਸ਼ 25 ਮਾਰਚ ਤੋਂ ਕੋਰੋਨਾਵਾਇਰਸ ਕਾਰਨ 40 ਦਿਨ ਦੇ ‘ਲਾਕਡਾਊਨ’ ਹੇਠ ਹੈ ਜੋ ਕਿ 3 ਮਈ ਨੂੰ ਮੁੱਕ ਰਿਹਾ ਹੈ। 22 ਮਾਰਚ ਮਗਰੋਂ ਮੋਦੀ ਦੀ ਮੁੱਖ ਮੰਤਰੀਆਂ ਨਾਲ ਇਹ ਚੌਥੀ ਬੈਠਕ ਹੈ। ਇਸ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਹਰਸ਼ ਵਰਧਨ ਤੇ ਪ੍ਰਧਾਨ ਮੰਤਰੀ ਦਫ਼ਤਰ ਅਤੇ ਸਿਹਤ ਮੰਤਰਾਲੇ ਦੇ ਚੋਟੀ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵੀਡੀਓ ਕਾਨਫ਼ਰੰਸ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮਹਾਰਾਸ਼ਟਰ ਦੇ ਊਧਵ ਠਾਕਰੇ, ਤਾਮਿਲਨਾਡੂ ਦੇ ਈ.ਕੇ. ਪਲਾਨੀਸਵਾਮੀ, ਮੇਘਾਲਿਆ ਦੇ ਕੋਨਾਰਡ ਸੰਗਮਾ, ਉਤਰਾਖੰਡ ਦੇ ਤ੍ਰਿਵੇਂਦਰ ਸਿੰਘ ਰਾਵਤ ਅਤੇ ਉੱਤਰ ਪ੍ਰਦੇਸ਼ ਦੇ ਆਦਿੱਤਿਆਨਾਥ ਹਾਜ਼ਰ ਸਨ। ਕੇਰਲ ਵੱਲੋਂ ਮੁੱਖ ਸਕੱਤਰ ਟੌਮ ਜੌਸ ਹਾਜ਼ਰ ਸਨ। ਸਰਕਾਰੀ ਸੂਤਰਾਂ ਨੇ ਐਤਵਾਰ ਕਿਹਾ ਸੀ ਕਿ ਵੀਡੀਓ ਕਾਨਫ਼ਰੰਸ ਵਿੱਚ ਲਾਕਡਾਊਨ ਤੋਂ ਪੜਾਅਵਾਰ ਨਿਕਲਣ ਬਾਰੇ ਵਿਚਾਰ-ਚਰਚਾ ਹੋ ਸਕਦੀ ਹੈ। ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ ਕਿਹਾ ਕਿ ਜ਼ਿਆਦਾਤਰ ਮੁੱਖ ਮੰਤਰੀਆਂ ਨੇ ਲਾਕਡਾਊਨ ਤਿੰਨ ਮਈ ਤੋਂ ਅੱਗੇ ਵਧਾਉਣ ਲਈ ਕਿਹਾ ਹੈ। ਕੇਂਦਰ ਸਰਕਾਰ ਨੂੰ ਇਸ ਨੂੰ ਖੋਲ੍ਹਣ ਵੇਲੇ ਪੂਰੀ ਸਾਵਧਾਨੀ ਵਰਤਣ ਲਈ ਵੀ ਕਿਹਾ ਗਿਆ ਹੈ। ਹਾਲਾਂਕਿ ਜ਼ਿਆਦਾਤਰ ਸੂੁਬੇ ਆਰਥਿਕ ਗਤੀਵਿਧੀਆਂ ਦਾ ਘੇਰਾ ਵਧਾਉਣ ਦੇ ਵੀ ਹੱਕ ’ਚ ਹਨ। ਉੜੀਸਾ ਵੀ ਲੌਕਡਾਊਨ ਇਕ ਮਹੀਨਾ ਵਧਾਉਣ ਦੇ ਹੱਕ ਵਿੱਚ ਹੈ। ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਤਾਲਾਬੰਦੀ 3 ਮਈ ਤੋਂ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਦੀ ਜਾਣਕਾਰੀ ਕਾਨਫ਼ਰੰਸ ਵਿਚ ਦਿੱਤੀ ਹੈ। ਹਾਲਾਂਕਿ ਸੂਬਾ ਗ੍ਰੀਨ ਜ਼ੋਨ ਅਤੇ ਕੋਵਿਡ ਤੋਂ ਜ਼ਿਆਦਾ ਪ੍ਰਭਾਵਿਤ ਨਾ ਹੋਣ ਵਾਲੇ ਜ਼ਿਲ੍ਹਿਆਂ ਵਿੱਚ ਛੋਟ ਦੇਵੇਗਾ। ਮੁੱਖ ਮੰਤਰੀਆਂ ਨੇ ਕਾਨਫਰੰਸ ਵਿੱਚ ਆਰਥਿਕ ਤੇ ਸਿਹਤ ਢਾਂਚੇ ਸਬੰਧੀ ਚੁਣੌਤੀਆਂ ਦਾ ਜ਼ਿਕਰ ਕੀਤਾ। ‘ਅਰੋਗਿਆ ਸੇਤੂ ਐਪ’ ਡਾਊਨਲੋਡ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ।

ਆਰਥਿਕਤਾ ਵੱਲ ਵੀ ਧਿਆਨ ਦੇਣ ਦੀ ਲੋੜ: ਮੋਦੀ
ਭਾਰਤ ਹੁਣ ਤਾਲਾਬੰਦੀ ਦੇ ਆਖ਼ਰੀ ਹਫ਼ਤੇ ਵਿੱਚ ਦਾਖਲ ਹੋਣ ਜਾ ਰਿਹਾ ਹੈ ਤੇ ਮੋਦੀ ਨੇ ਮੁੱਖ ਮੰਤਰੀਆਂ ਨੂੰ ਇਸ ਮੌਕੇ ਕਿਹਾ ਕਿ ਕੋਵਿਡ ਖ਼ਿਲਾਫ਼ ਜੰਗ ਜਾਰੀ ਰੱਖਣ ਦੇ ਨਾਲ-ਨਾਲ ਅਰਥਚਾਰੇ ਉਤੇ ਵੀ ਧਿਆਨ ਕੇਂਦਰਤ ਕਰਨ ਦੀ ਲੋੜ ਹੈ। ਉਨ੍ਹਾਂ ਸੂਬਿਆਂ ਨੂੰ ‘ਹੌਟਸਪੌਟ’ ਖੇਤਰਾਂ ਵਿਚ ਹਦਾਇਤਾਂ ਦੀ ਪਾਲਣਾ ਸਖ਼ਤੀ ਨਾਲ ਯਕੀਨੀ ਬਣਾਉਣ ਲਈ ਕਿਹਾ। ਮੋਦੀ ਨੇ ਕਿਹਾ ਕਿ ਤਾਲਾਬੰਦੀ ਦੇ ‘ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।’ ਉਨ੍ਹਾਂ ਨਾਲ ਹੀ ਕਿਹਾ ਕਿ ਕਰੋਨਾਵਾਇਰਸ ਦਾ ਅਸਰ ਹਾਲੇ ਆਉਣ ਵਾਲੇ ਕੁਝ ਮਹੀਨੇ ਰਹੇਗਾ, ਮੂੰਹ ਢਕਣਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਪਵੇਗਾ। ਉਨ੍ਹਾਂ ਤਕਨੀਕ ਦੇ ਵੱਧ ਤੋਂ ਵੱਧ ਇਸਤੇਮਾਲ ਉਤੇ ਵੀ ਜ਼ੋਰ ਦਿੱਤਾ ਤੇ ਕਿਹਾ ਕਿ ਖ਼ਤਰਾ ਹਾਲੇ ਟਲਿਆ ਨਹੀਂ ਹੈ ਤੇ ਲਗਾਤਾਰ ਨਿਗਰਾਨੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਤੋਂ ਭਾਰਤੀਆਂ ਨੂੰ ਇਸ ਤਰ੍ਹਾਂ ਵਾਪਸ ਲਿਆਂਦਾ ਜਾਵੇਗਾ ਕਿ ਨਾ ਤਾਂ ਉਹ ਖ਼ੁਦ ਪ੍ਰੇਸ਼ਾਨ ਹੋਣ, ਨਾ ਉਨ੍ਹਾਂ ਦੇ ਪਰਿਵਾਰਾਂ ਨੂੰ ਹੋਣਾ ਪਵੇ।