Punjab

267 ਗਾਇਬ ਪਾਵਨ ਸਰੂਪਾਂ ਦਾ ਮਸਲਾ:- ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਤੋਂ ਵੀ ਹੋਵੇਗੀ ਪੁੱਛ ਪੜਤਾਲ

‘ਦ ਖ਼ਾਲਸ ਬਿਊਰੋ:- ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਰਾਮਸਰ ਸਾਹਿਬ ਵਿੱਚੋਂ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ SGPC ਨੇ ਬਾਹਰੋਂ ਕਰਵਾਉਣ ਦਾ ਫੈਸਲਾ ਕੀਤਾ ਹੈ।

12 ਜੁਲਾਈ ਨੂੰ SGPC ਵੱਲੋਂ ਅੰਤ੍ਰਿਮ ਕਮੇਟੀ ਦੀ ਬੈਠਕ ਦੌਰਾਨ ਪਾਸ ਕੀਤਾ ਮਤਾ ਅਤੇ ਇੱਕ ਪੱਤਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਸੌਂਪ ਦਿੱਤਾ ਗਿਆ ਹੈ।

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ SGPC ਦੇ ਇਸ ਫ਼ੈਸਲੇ ਨਾਲ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਕੋਲ ਪੁਖਤਾ ਸਬੂਤ ਹਨ। ਇਸੇ ਦੌਰਾਨ ਹੀ ਪੱਤਰ ਸ੍ਰੀ ਅਕਾਲ ਤਖ਼ਤ ਦੀ ਸਕੱਤਰੇਤ ਵਿਖੇ ਸੌਂਪਿਆ ਗਿਆ ਹੈ।

ਇਸ ਪੂਰੀ ਘਟਨਾ ਦਾ ਖੁਲਾਸਾ ਗੁਰਦੁਆਰਾ ਸ਼੍ਰੀ ਗੁਰੂ ਰਾਮਸਰ ਸਾਹਿਬ ਦੇ ਮੁਲਾਜ਼ਮ ਕੰਵਲਜੀਤ ਸਿੰਘ ਦੇ ਰਿਟਾਇਰ ਹੋਣ ਤੋਂ ਬਾਅਦ ਹੀ ਹੋਇਆ ਹੈ, ਜਿਸ ਤੋਂ ਬਾਅਦ SGPC ਨੇ ਇਸ ਮਾਮਲੇ ਨੂੰ ਅਤਿ ਗੰਭੀਰ ਮਾਮਲੇ ਦਾ ਕਰਾਰ ਦਿੰਦਿਆਂ ਇਸ ਦੀ ਨਿਰਪੱਖ ਜਾਂਚ ਦਾ ਅਧਿਕਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੌਂਪ ਦਿੱਤਾ ਹੈ। SGPC ਨੇ ਚਿੱਠੀ ਲਿਖ ਕੇ ਗਿਆਨੀ ਹਰਪ੍ਰੀਤ ਸਿੰਘ ਤੋਂ ਇਹ ਵੀ ਮੰਗ ਕੀਤੀ ਹੈ ਕਿ 267 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਉਹ ਕਿਸੇ ਰਿਟਾਇਰਡ ਜੱਜ ਜਾਂ ਕਿਸੇ ਉਚ ਅਹੁਦੇ ਦੇ ਸਿੱਖ ਸੇਵਕ ਤੋਂ ਕਰਵਾਉਣ।

ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ’ਚ ਨੁਕਸਾਨੇ ਗਏ ਸਰੂਪਾਂ ਦੀ ਇਹ ਮੰਦਭਾਗੀ ਘਟਨਾਂ 19 ਮਈ 2016 ਨੂੰ  ਵਾਪਰੀ ਸੀ, ਜਾਣਕਾਰੀ ਮੁਤਾਬਿਕ, ਹੁਣ ਇਸ ਮਾਮਲੇ ਵਿੱਚ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੀ ਬਿਆਨ ਕਲਮਬੰਦ ਕਰਵਾਉਣ ਲਈ ਆਖਿਆ ਜਾਵੇਗਾ ਤਾਂ ਜੋ ਪਤਾ ਲੱਗ ਸਕੇ ਕਿ ਅੱਗ ਲੱਗਣ ਨਾਲ ਅਤੇ ਪਾਣੀ ਦੀ ਵਾਛੜ ਕਾਰਨ ਕਿੰਨੇ ਸਰੂਪ ਨੁਕਸਾਨੇ ਗਏ ਸਨ।

 

SGPC ਨੇ ਦਾਅਵਾ ਕੀਤਾ ਹੈ ਕਿ ਅੱਗ ਲੱਗਣ ਨਾਲ ਪੰਜ ਅਤੇ ਪਾਣੀ ਦੀ ਵਾਛੜ ਕਾਰਨ 9 ਸਰੂਪ (ਕੁੱਲ 14 ਸਰੂਪ) ਨੁਕਸਾਨੇ ਗਏ ਸਨ, ਜਿਨ੍ਹਾਂ ਦਾ ਗੋਇੰਦਵਾਲ ਵਿਖੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸੰਸਕਾਰ ਕੀਤਾ ਗਿਆ ਸੀ। ਫਿਲਹਾਲ ਨੁਕਸਾਨੇ ਗਏ ਸਰੂਪਾਂ ਦਾ ਵੀ ਕੋਈ ਰਿਕਾਰਡ ਮੌਜੂਦ ਨਹੀਂ ਹੈ।

ਇਸੇ ਦੌਰਾਨ ਸਾਂਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਉਣ ਲਈ ਕਿਹਾ ਹੈ।