Punjab

26 ਨਵੰਬਰ ਪੰਜਾਬ ਲਈ ਵੱਡਾ ਦਿਨ ! ਦਿੱਲੀ ਵਾਲੇ ਕਿਸਾਨ ਅੰਦੋਲਨ ਦੀ ਝਲਕ ਆਏਗੀ ਨਜ਼ਰ ! ਸੈਂਕੜੇ ਟਰੈਕਟਰਾਂ ਦਾ ਕਾਫ਼ਲਾ ਘੇਰੇਗਾ ਸਰਕਾਰ !

ਬਿਉਰੋ ਰਿਪੋਰਟ : ਦੀਵਾਲੀ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਘੱਟੋ ਘੱਟ ਸਮਰਥਨ ਮੁੱਲ (MSP) ‘ਤੇ ਵੱਡਾ ਪ੍ਰਦਰਸ਼ਨ ਕਰਨ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਦੱਸਿਆ ਕਿ 26 ਨਵੰਬਰ ਨੂੰ ਚੰਡੀਗੜ੍ਹ ਵੱਲ ਕੂਚ ਕੀਤਾ ਜਾਵੇਗਾ ਅਤੇ ਇਸ ਵਿੱਚ 300 ਤੋਂ ਵੱਧ ਟਰੈਕਟਰ ਟਰਾਲੀਆਂ ਸ਼ਾਮਲ ਹੋਣਗੀਆਂ। ਇਸ ਦਾ ਫ਼ੈਸਲਾ ਲੁਧਿਆਣਾ ਵਿੱਚ ਯੂਨੀਅਨ ਦੀ ਮੀਟਿੰਗ ਦੌਰਾਨ ਹੋਇਆ ਹੈ। ਇਸ ਮੀਟਿੰਗ ਵਿੱਚ ਮੁੜ ਤੋਂ ਹਰਿੰਦਰ ਸਿੰਘ ਲੱਖੋਵਾਲ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਲਖੋਵਾਲ ਨੇ ਕਿਹਾ ਸੰਯੁਕਤ ਮੋਰਚੇ ਦੇ ਐਲਾਨ ਤੋਂ ਬਾਅਦ ਉਨ੍ਹਾਂ ਦੀ ਜਥੇਬੰਦੀ ਨੇ ਫੈਸਲਾ ਲਿਆ ਹੈ ।

MSP ਅਤੇ ਮੁਆਵਜ਼ਾ ਰਕਮ ਨਹੀਂ ਦੇ ਰਹੀ ਸਰਕਾਰ

ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿਸਾਨਾਂ ਦੀਆਂ ਮੁਖ ਮੰਗਾਂ ਵਿੱਚ MSP ਅਤੇ ਮੁਆਵਜ਼ੇ ਦੀ ਰਕਮ ਸ਼ਾਮਲ ਸੀ । ਉਹ ਕਈ ਵਾਰ ਇਸ ਦੀ ਮੰਗ ਕਰ ਚੁੱਕੇ ਹਨ । ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ । ਇਸ ਤੋਂ ਇਲਾਵਾ ਲਖੋਵਾਲ ਨੇ ਕਿਹਾ ਸਾਡੀ ਮੰਗਾਂ ਵਿੱਚ ਕਿਸਾਨਾਂ ‘ਤੇ ਨਜਾਇਜ਼ ਦਰਜ ਕੇਸ ਰੱਦ ਕਰਨ ਦੀ ਮੰਗ ਵੀ ਸ਼ਾਮਲ ਹੈ । ਕਿਸਾਨ ਆਗੂ ਹਰਿੰਦਰ ਸਿੰਘ ਨੇ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਿਆਂ ਤਾਂ ਸਰਕਾਰ ਖਿਲਾਫ ਵੱਡਾ ਪ੍ਰਦਰਸ਼ਨ ਕਰਨਗੇ ।

2 ਮਹੀਨੇ ਪਹਿਲਾਂ ਵੀ ਚੰਡੀਗੜ੍ਹ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ । ਸੂਬੇ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਚੰਡੀਗੜ੍ਹ ਵੱਲ ਕੂਚ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਗਿਆ ਸੀ । ਕਈ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ । ਸੰਗਰੂਰ ਵਿੱਚ ਕਿਸਾਨਾਂ ਅਤੇ ਪੁਲਿਸ ਵਿੱਚ ਝੜਪ ਵੀ ਹੋਈ ਸੀ । ਇਸ ਦੌਰਾਨ ਇੱਕ ਕਿਸਾਨ ਦੀ ਟਰੈਕਟਰ ਦੇ ਹੇਠਾਂ ਆਉਣ ਨਾਲ ਮੌਤ ਵੀ ਹੋ ਗਈ । ਜਿਸ ਨੂੰ ਬਾਅਦ ਵਿੱਚ ਸਰਕਾਰ ਨੇ ਮੁਆਵਜ਼ਾ ਦਿੱਤਾ ਸੀ ।

ਇਸੇ ਦੌਰਾਨ ਚੰਡੀਗੜ੍ਹ ਧਰਨੇ ਵਿੱਚ ਸ਼ਾਮਲ ਹੋਣ ਆ ਰਹੇ ਹਰਿਆਣਾ ਦੇ ਕਿਸਾਨਾਂ ਨੂੰ ਜਦੋਂ ਅੰਬਾਲਾ ਵਿੱਚ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਰੈਕਟਰ ਭਜਾਉਣ ਦੀ ਵਜ੍ਹਾ ਕਰਕੇ ਇੱਕ ਨੌਜਵਾਨ ਦਾ ਪੈਰ ਟਰੈਕਟਰ ਵਿੱਚ ਫਸਨ ਕਰਕੇ ਉਸ ਦੀ ਟੰਗ ਸਰੀਰ ਤੋਂ ਵੱਖ ਹੋ ਗਈ ਸੀ। ਹਾਲਾਂਕਿ ਬਾਅਦ ਵਿੱਚ ਉਸ ਨੂੰ ਆਪਰੇਸ਼ਨ ਤੋਂ ਬਾਅਦ ਜੋੜ ਦਿੱਤਾ ਗਿਆ ਸੀ । ਇਨ੍ਹਾਂ 2 ਘਟਨਾਵਾਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਮੁਲਤਵੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਕਿਸਾਨ ਆਗੂਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ ਪਰ ਇੱਕ ਵਾਰ ਮੁੜ ਤੋਂ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।