‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇਰਾਕ ਦੀ ਰਾਜਧਾਨੀ ਬਗਦਾਦ ਇਕ ਵਾਰ ਫਿਰ ਵੱਡੇ ਬੰਬ ਧਮਾਕੇ ਨਾਲ ਦਹਿਲ ਗਈ ਹੈ। ਇੱਥੋਂ ਦੇ ਇਕ ਬਜਾਰ ਵਿੱਚ ਹੋਏ ਇਸ ਜਾਨਲੇਵਾ ਹਮਲੇ ਵਿੱਚ 25 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਗੰਭੀਰ ਜ਼ਖਮੀ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਧਮਾਕੇ ਵਿੱਚ ਜਾਨ ਗਵਾਉਣ ਵਾਲੇ ਲੋਕ ਇਸ ਬਜ਼ਾਰ ਵਿੱਚ ਈਦ ਦੀ ਖਰੀਦਦਾਰੀ ਕਰਨ ਆਏ ਹੋਏ ਸਨ।ਬਗਦਾਦ ਵਿੱਚ ਪਿਛਲੇ ਛੇ ਮਹੀਨਿਆਂ ਵਿੱਚ ਹੋਣ ਵਾਲਾ ਇਹ ਸਭ ਤੋਂ ਭਿਆਨਕ ਧਮਾਕਾ ਹੈ। ਵਿਅਸਤ ਅਲ ਵੁਹਾਲਿਅਤ ਬਜ਼ਾਰ ਵਿੱਚ ਹੋਏ ਇਸ ਧਮਾਕੇ ਦੀ ਜਿੰਮੇਦਾਰੀ ਅੱਤਵਾਦੀ ਸੰਗਠਨ ਆਈਐੱਸ ਨੇ ਲਈ ਹੈ ਤੇ ਇਹ ਧਮਾਕਾ ਇਕ ਡਿਵਾਇਸ ਨਾਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਰਾਕ ਦੀ ਸਰਕਾਰ ਨੇ ਸਾਲ 2017 ਦੇ ਅਖੀਰ ਵਿੱਚ ਸੁੰਨੀ ਮੁਸਲਮਾਨ ਜਿਹਾਦੀ ਸਮੂਹ ਆਈਐੱਸ ਦੇ ਖਿਲਾਫ ਆਪਣੀ ਜਿੱਤ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਸ਼ਹਿਰ ਦੇ ਬਜ਼ਾਰ ਵਿੱਚ ਇਕ ਕਾਰ ਧਮਾਕਾ ਹੋਇਆ ਸੀ, ਜਿਸ ਵਿੱਚ ਚਾਰ ਲੋਕਾਂ ਦੀ ਜਾਨ ਗਈ ਸੀ। ਇਸ ਹਮਲੇ ਦੀ ਜਿੰਮੇਦਾਰੀ ਵੀ ਆਈਐੱਸ ਨੇ ਲਈ ਸੀ। ਬਗਦਾਦ ਦੇ ਜਿਸ ਇਲਾਕੇ ਵਿੱਚ ਧਮਾਕਾ ਹੋਇਆ ਹੈ, ਉੱਥੇ ਜਿਆਦਾਤਰ ਮੁਸਲਮਾਨ ਰਹਿੰਦੇ ਹਨ।ਸਮਾਚਾਰ ਏਜੰਸੀ ਰਾਇਟਰਸ ਦੇ ਅਨੁਸਾਰ ਮਰਨ ਵਾਲਿਆਂ ਵਿੱਚ ਜਿਆਦਾਤਰ ਬੱਚੇ ਅਤੇ ਔਰਤਾਂ ਸਨ।