ਕੈਨੇਡਾ ‘ਚ ਪੰਜਾਬ ਦੇ ਗੈਂਗਸਟਰ ਕਰਨਵੀਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਕੈਨੇਡਾ ਦੇ ਕੋਕੁਇਟਲਮ ਸ਼ਹਿਰ ਦੀ ਹੈ। ਕਰਨਵੀਰ ਸਿੰਘ (25) ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਐਤਵਾਰ ਰਾਤ 9.20 ਵਜੇ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਕਾਰ ਤੋਂ ਹੇਠਾਂ ਉੱਤਰਦੇ ਹੀ ਅਣਪਛਾਤੇ ਕਾਤਲਾਂ ਵੱਲੋਂ ਕਰਨਵੀਰ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਉਹ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ। ਇਸ ਤੋਂ ਪਹਿਲਾਂ ਦਸੰਬਰ 2022 ਵਿੱਚ ਕੈਨੇਡੀਅਨ ਪੁਲਿਸ ਵੱਲੋਂ ਇੱਕ ਪਬਲਿਕ ਸੇਫ਼ਟੀ ਚੇਤਾਵਨੀ ਜਾਰੀ ਕੀਤੀ ਗਈ ਸੀ, ਜਿਸ ਵਿੱਚ ਕਰਨਵੀਰ ਸਿੰਘ ਗਰਚਾ ਦਾ ਨਾਮ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਉਸ ਦੇ ਇਕ ਸਾਥੀ ਹਰਜੀਤ (22) ਦਾ ਨਾਂ ਵੀ ਸ਼ਾਮਲ ਸੀ। ਉਸ ਦੇ ਗੈਂਗ ਅਤੇ ਨਸ਼ਿਆਂ ਵਿੱਚ ਸ਼ਾਮਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਕੋਕਿਟਲਮ ਸ਼ਹਿਰ ਵਿਚ ਹੋਈ ਗੋਲ਼ੀਬਾਰੀ ਦੀ ਘਟਨਾ ਬਾਰੇ ਐਤਵਾਰ ਰਾਤ 9.20 ਵਜੇ, ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਨੂੰ ਜਾਣਕਾਰੀ ਮਿਲੀ ਸੀ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਕਰਨਵੀਰ ਸਿੰਘ ਗਰਚਾ ਨੂੰ ਤੁਰਤ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਟਿਮੋਥੀ ਪਿਰੋਟੀ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੀ ਅਤੇ ਗੋਲਾਬਾਰੀ ਦੀ ਘਟਨਾ ਤੋਂ ਕੁਝ ਦਿਨ ਪਹਿਲਾਂ ਤਕ ਗਰਚਾ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਤੋਂ ਇਲਾਵਾ ਗੈਂਗਸਟਰ ਦੇ ਸਾਬਕਾ ਡਰਾਈਵਰ ਦੀ ਭਾਲ ਜਾਰੀ ਹੈ।
ਪਿਛਲੇ ਸਾਲ ਦਸੰਬਰ ਵਿਚ, ਸਰੀ ਆਰ.ਸੀ.ਐੱਮ.ਪੀ. ਨੇ ਗਰਚਾ ਅਤੇ 22 ਸਾਲਾ ਹਰਕੀਰਤ ਝੂਟੀ ਲਈ ਇਕ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਸੀ, ਜੋ ਕਥਿਤ ਤੌਰ ‘ਤੇ ਗੈਂਗਸਟਰ ਗਤੀਵਿਧੀਆਂ ਵਿਚ ਸ਼ਾਮਲ ਸਨ। ਉਸ ਸਮੇਂ, ਸਰੀ ਆਰ.ਸੀ.ਐੱਮ.ਪੀ. ਨੇ ਤਸਵੀਰ ਨਾਲ ਇਕ ਪ੍ਰੈੱਸ ਰਿਲੀਜ਼ ਜਾਰੀ ਕਰ ਕੇ ਦੱਸਿਆ ਕਿ ਇਹ ਦੋ ਵਿਅਕਤੀ ਅਪਰਾਧਿਕ ਗਤੀਵਿਧੀਆਂ ਅਤੇ ਉੱਚ ਪੱਧਰੀ ਹਿੰਸਾ ਵਿਚ ਸ਼ਾਮਲ ਸਨ। ਇਨ੍ਹਾਂ ਕਾਰਨ ਕਿਸੇ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਹ ਲੋਕ ਨਸ਼ੇ ਦੇ ਕਾਰੋਬਾਰ ਅਤੇ ਗੋਲ਼ੀਬਾਰੀ ਵਰਗੀਆਂ ਹਿੰਸਕ ਕਾਰਵਾਈਆਂ ਵਿਚ ਸ਼ਾਮਲ ਹਨ।
ਪੁਲਿਸ ਘਟਨਾ ਤੋਂ ਪਹਿਲਾਂ ਕਰਨਵੀਰ ਸਿੰਘ ਨੂੰ ਗੱਡੀ ਵਿੱਚੋਂ ਉਤਾਰਨ ਵਾਲੇ ਡਰਾਈਵਰ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਮੁੱਖ ਤੌਰ ‘ਤੇ, ਇਹ ਅਪਰਾਧ ਨਸ਼ਾ ਤਸਕਰਾਂ ਜਾਂ ਗੈਂਗਸਟਰਾਂ ਦੁਆਰਾ ਕੀਤਾ ਗਿਆ ਹੋ ਸਕਦਾ ਹੈ। ਫ਼ਿਲਹਾਲ ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਅਸਲ ਕਾਤਲਾਂ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।