India

ਬਿਹਾਰ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 15 ਲੋਕਾਂ ਨਾਲ ਹੋਇਆ ਕੁਝ ਅਜਿਹਾ , ਮੁੱਖ ਮੰਤਰੀ ਨੇ ਪ੍ਰਗਟਾਇਆ ਦੁੱਖ

15 people died due to sky lightning in Bihar

ਬਿਹਾਰ ‘ਚ ਪਿਛਲੇ ਇਕ ਹਫ਼ਤੇ ਤੋਂ ਹੋ ਰਹੀ ਬਾਰਸ਼ ਦੇ ਵਿਚਕਾਰ ਹੁਣ ਗੜੇਮਾਰੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। 4 ਜੁਲਾਈ ਤੋਂ 5 ਜੁਲਾਈ ਦਰਮਿਆਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਬਿਜਲੀ ਡਿੱਗਣ ਕਾਰਨ ਸਭ ਤੋਂ ਵੱਧ ਮੌਤਾਂ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਵਿੱਚ ਹੋਈਆਂ ਹਨ, ਜਿੱਥੇ ਬਿਜਲੀ ਡਿੱਗਣ ਕਾਰਨ 5 ਲੋਕਾਂ ਦੀ ਜਾਨ ਚਲੀ ਗਈ ਹੈ।

ਰੋਹਤਾਸ ਤੋਂ ਇਲਾਵਾ ਖਗੜੀਆ ‘ਚ 1, ਕਟਿਹਾਰ ‘ਚ 2, ਗਯਾ ‘ਚ 2, ਜਹਾਨਾਬਾਦ ‘ਚ 2, ਕੈਮੂਰ ‘ਚ 1, ਬਕਸਰ ਅਤੇ ਭਾਗਲਪੁਰ ‘ਚ 1-1 ਵਿਅਕਤੀ ਦੀ ਮੌਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ 5 ਜੁਲਾਈ ਦੀ ਦੇਰ ਸ਼ਾਮ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਸੀ, ਜਦਕਿ ਇਸ ਤੋਂ ਬਾਅਦ ਬੁੱਧਵਾਰ ਸ਼ਾਮ ਤੱਕ 6 ਲੋਕਾਂ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ।

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅਸਮਾਨੀ ਬਿਜਲੀ ਡਿੱਗਣ ਕਾਰਨ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਖ਼ਰਾਬ ਮੌਸਮ ‘ਚ ਪੂਰੀ ਚੌਕਸੀ ਰੱਖੋ, ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਸੁਝਾਵਾਂ ਦਾ ਪਾਲਣ ਕਰੋ। ਖ਼ਰਾਬ ਮੌਸਮ ਵਿੱਚ ਘਰ ਰਹੋ, ਸੁਰੱਖਿਅਤ ਰਹੋ।

ਇਸ ਦੌਰਾਨ ਆਪਦਾ ਪ੍ਰਬੰਧਨ ਵਿਭਾਗ ਨੂੰ ਬਿਜਲੀ ਡਿੱਗਣ ਨੂੰ ਲੈ ਕੇ ਚੌਕਸ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਭਾਰੀ ਮੀਂਹ ਅਤੇ ਹਨੇਰੀ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਦੱਸ ਦੇਈਏ ਕਿ ਪਿਛਲੇ ਇਕ ਹਫ਼ਤੇ ਤੋਂ ਹੋ ਰਹੀ ਬਾਰਸ਼ ਦੇ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਸ਼ੁੱਕਰਵਾਰ ਨੂੰ ਨਵਾਦਾ ਜ਼ਿਲ੍ਹੇ ‘ਚ ਬਿਜਲੀ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇਸ ਘਟਨਾ ‘ਚ 4 ਲੋਕ ਝੁਲਸ ਗਏ ਸਨ।