India International Khaas Lekh Punjab

2024 ਦੀ ਭਵਿੱਖਬਾਣੀ ! ਨਵੇਂ ਸਾਲ ਦੀਆਂ 24 ਗੱਲਾਂ ! ਖਾਸ ਰਿਪੋਰਟ

ਬਿਉਰੋ ਰਿਪੋਰਟ: 52 ਹਫਤੇ … 3 ਕਰੋੜ,15ਲੱਖ 36 ਹਜ਼ਾਰ ਸੈਕੰਡ … 8760 ਘੰਟੇ ਅਤੇ 365 ਦਿਨਾਂ ਨਾਲ ਸੱਜਿਆਂ ਸਾਲ 2023 ਸਾਡੀ ਤੁਹਾਡੀ ਜ਼ਿੰਦਗੀ ਵਿੱਚ ਕੁਝ ਖੱਟੀਆਂ ਅਤੇ ਮਿੱਠੀਆਂ ਯਾਦਾਂ ਦੇ ਨਾਲ ਸਾਨੂੰ ਬਹੁਤ ਸਿਖਾ ਕੇ ਅਲਵਿਦਾ ਹੋ ਗਿਆ ਹੈ । ਹੁਣ ਸਾਲ 2024 ਨੇ ਸਾਡੀ ਬਾਂਹ ਫੜ ਲਈ ਹੈ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ … ਸ਼ਾਨਦਾਰ ਭਵਿੱਖ ਸਿਰਜਨ ਲਈ … ਪੰਜਾਬ,ਦੇਸ਼ ਅਤੇ ਦੁਨੀਆ ਨੂੰ ਹੋਰ ਬਿਹਤਰ ਬਣਾਉਣ ਦੇ ਲਈ। 2023 ਵਿੱਚ ਧਾਰਮਿਕ, ਸਿਆਸੀ,ਸਮਾਜਿਕ ਅਤੇ ਕੌਮਾਂਤਰੀ ਪੱਧਰ ‘ਤੇ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਆਈ ਮਜ਼ਬੂਤੀ ਅਤੇ ਕੁੜਤਨ ਵਰਗੀ ਅਜਿਹੀਆਂ ਕਈ ਘਟਨਾਵਾਂ ਹੋਇਆ ਜਿਸ ਦਾ ਅਸਰ 2024 ਵਿੱਚ ਸਾਨੂੰ ਕਿਸੇ ਨਾਲ ਕਿਸੇ ਰੂਪ ਵਿੱਚ ਨਜ਼ਰ ਜ਼ਰੂਰੀ ਆਵੇਗਾ,ਦੁਨੀਆ ਦੇ ਸਭ ਤੋਂ ਵੱਡੇ ਲੋਕਰਾਜ ਭਾਰਤ,ਅਮਰੀਕਾ ਦੀ ਸਿਆਸਤ ਲਈ 2024 ਗੇਮ ਚੇਂਜਰ ਹੋਵੇਗਾ । ਗੁਰਬਤ ਦੀ ਜ਼ਿੰਦਗੀ ਜੀਅ ਰਹੇ ਗੁਆਂਢੀ ਮੁਲਕ ਪਾਕਿਸਤਾਨ ਦੀ ਨਵੀਂ ਸਰਕਾਰ ਕੀ ਚੰਗਾ ਪੈਗਾਮ ਲੈਕੇ ਆਵੇਗੀ। ਪੀਰੀ ਅਤੇ ਪੀਰੀ ਦੇ ਸਿਧਾਂਤ ‘ਤੇ ਚੱਲਣ ਵਾਲੀ ਪੰਜਾਬ ਦੀ ਸਿੱਖ ਸਿਆਸਤ ਅਤੇ ਰਾਜਨੀਤੀ ਵੀ 2024 ਚੁਣੌਤੀਆਂ ਭਰਪੂਰ ਰਹੇਗਾ। ਖੇਡ ਪ੍ਰੇਮੀਆਂ ਦੇ ਲਈ 2024 ਜੋਸ਼ੀਲਾ ਅਤੇ ਯਾਦਗਾਰੀ ਰਹੇਗਾ । ਤੇ ਆਉ ਤੁਹਾਨੂੰ ਅਸੀਂ ਲੈਕੇ ਚੱਲ ਦੇ 2024 ਦੇ ਸਫ਼ਰਨਾਮੇ ਦੀ ਸੈਰ ‘ਤੇ

1. 2024 ਦੇ ਸਫਰਨਾਮੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਚੰਗੀ ਖਬਰ ਨਾਲ ਕਰਦੇ ਹਾਂ । ਕੀ ਤੁਹਾਨੂੰ ਪਤਾ ਹੈ ਕਿ ਸਾਲ 2024 ਵਿੱਚ 365 ਦੀ ਥਾਂ 366 ਦਿਨ ਹੋਣਗੇ । ਯਾਨੀ 1 ਦਿਨ,24 ਘੰਟੇ ਵੱਧ । 2024 ਲੀਪ ਸਾਲ ਜੋਕਿ ਹਰ 4 ਸਾਲ ਬਾਅਦ ਆਉਂਦਾ ਹੈ । ਯਾਨੀ ਇਸ ਵਾਰ ਫਰਵਰੀ ਵਿੱਚ 28 ਦਿਨ ਦੀ ਥਾਂ 29 ਦਿਨ ਹੋਣਗੇ । ਜਿੰਨਾਂ ਦਾ ਜਨਮ ਇਸ ਵਾਰ 29 ਫਰਵਰੀ ਹੋਵੇਗਾ ਉਨ੍ਹਾਂ ਨੂੰ 29 ਫਰਵਰੀ ਵਾਲੇ ਦਿਨ ਜਨਮ ਦਿਨ ਮਨਾਉਣ ਦੇ ਲਈ 4 ਸਾਲ ਦਾ ਇੰਤਜ਼ਾਰ ਕਰਨਾ ਪਏਗਾ । ਭਾਰਤ ਦੇ 6ਵੇਂ ਪ੍ਰਧਾਨ ਮੰਤਰੀ ਮੋਰਾਜਜੀ ਦੇਸਾਈ ਦਾ ਜਨਮ ਦਿਨ ਵੀ 29 ਫਰਵਰੀ 1896 ਨੂੰ ਹੋਇਆ ਸੀ। 2024 ਵਿੱਚ ਜਿੱਥੇ ਲੋਕਾਂ ਨੂੰ 1 ਦਿਨ ਦਾ ਬੋਨਸ ਮਿਲ ਰਿਹਾ ਹੈ ਉੱਥੇ ਸਰਕਾਰੀ ਛੁੱਟੀਆਂ ਦੌਰਾਨ ਘੁੰਮਣ ਦਾ ਪ੍ਰੋਗਰਾਮ ਬਣਾਉਣ ਵਾਲੇ ਲੋਕਾਂ ਲਈ ਝਟਕਾ ਵੀ ਹੈ । ਪੰਜਾਬ ਸਰਕਾਰ ਦੇ ਵੱਲੋਂ ਜਾਰੀ ਸਰਕਾਰੀ ਛੁੱਟੀਆਂ ਦੇ ਕੈਲੰਡਰ ਮੁਤਾਬਿਕ ਪੂਰੇ ਸਾਲ ਵਿੱਚ ਇਸ ਵਾਰ 6 ਸਰਕਾਰੀਆਂ ਛੁੱਟਿਆਂ ਸ਼ਨਿੱਚਰਵਾਰ ਜਦਕਿ 2 ਐਤਵਾਰ ਨੂੰ ਹਨ। 13 ਜਨਵਰੀ ਨੂੰ ਲੋਹੜੀ ਦੇ ਦਿਨ ਸ਼ਨਿੱਚਰਵਾਰ ਹੈ । ਸ਼੍ਰੀ ਗੁਰੂ ਰਵੀਦਾਰ ਜਯੰਤੀ 24 ਫਰਵਰੀ ਸ਼ਨਿੱਚਰਵਾਰ,13 ਅਪ੍ਰੈਲ ਵਿਸਾਖੀ ਵੀ ਸ਼ਨਿੱਚਰਵਾਰ ਹੈ । 14 ਅਪ੍ਰੈਲ ਬੀ ਆਰ ਅੰਬੇਡਕਰ ਦਾ ਜਨਮ ਦਿਨ ਐਤਵਾਰ ਨੂੰ ਹੈ। 21 ਅਪ੍ਰੈਲ ਮਹਾਵੀਰ ਜਯੰਤੀ ਐਤਵਾਰ ਨੂੰ ਹੈ।

2. 2024 ਵਿੱਚ ਪੰਜਾਬ ਦੇ 7 ਲੱਖ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨ ਭੋਗੀਆਂ ਦੀ ਨਜ਼ਰ ਪੁਰਾਣੀ ਪੈਨਸ਼ਨ ਸਕੀਮ ਨੂੰ ਮੜ ਤੋਂ ਸ਼ੁਰੂ ਕਰਨ ‘ਤੇ ਰਹੇਗੀ । 2023 ਵਿੱਚ ਮੁਲਾਜ਼ਮਾਂ ਪ੍ਰਦਰਸ਼ਨ ਕਰਦੇ ਰਹਿ ਗਏ। ਦਸੰਬਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਜ਼ਮਾਂ ਨੂੰ 2024 ਵਿੱਚ ਹਰ ਹਾਲ ਵਿੱਚ ਇਸ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਹੈ। 2024 ਵਿੱਚ ਲੋਕਸਭਾ ਚੋਣਾਂ ਹਨ,ਹੋ ਸਕਦਾ ਹੈ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਮੁਲਾਜ਼ਮਾਂ ਨੂੰ ਖੁਸ਼ ਕਰਨ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਤੋਂ ਲਾਗੂ ਕਰਨ ਦਾ ਐਲਾਨ ਕਰ ਦੇਵੇ,ਨਹੀਂ ਤਾਂ ਮਾਨ ਸਰਕਾਰ ਨੂੰ ਤਾਂ ਲੋਕਸਭਾ ਚੋਣਾਂ ਜਿੱਤਣ ਦੇ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਪੁਰਾਣੀ ਪੈਨਸ਼ਨ ਨੂੰ ਲਾਗੂ ਕਰਨਾ ਹੋਵੇਗਾ।

3. ਕੇਂਦਰ ਸਰਕਾਰ ਅਧੀਨ ਕੰਮ ਕਰਨ ਵਾਲੇ 48 ਲੱਖ ਮੁਲਾਜ਼ਮਾਂ ਅਤੇ 67.95 ਹਜ਼ਾਰ ਪੈਸ਼ਨਰਸ ਲਈ 2024 ਬਹੁਤ ਖਾਸ ਹੈ। 8ਵਾਂ ਪੇਅ ਕਮਿਸ਼ਨ ਲਾਗੂ ਕਰਨ ਨੂੰ ਲੈਕੇ ਮੁਲਾਜ਼ਮ ਲੰਮੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਸਨ । ਲੋਕਸਭਾ ਚੋਣਾਂ ਦੇ ਮਦੇ ਨਜ਼ਰ ਕੇਂਦਰ ਸਰਕਾਰ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸਰਕਾਰ ਦਾ ਵੋਟ ਬੈਂਕ ਦਾ ਮਜ਼ਬੂਤ ਹੋਵੇਗਾ ਲੋਕਾਂ ਦੀ ਤਨਖਾਹ ਵੱਧਣ ਨਾਲ ਮਹਿੰਗਾਾਈ ਨਾਲ ਵੀ ਲੋਕਾਂ ਨੂੰ ਰਾਹਤ ਮਿਲੇਗੀ ।

4. ਇਸ ਸਾਲ ਲੋਕਾਂ ਨੂੰ LPG ਸਿਲੰਡਰ, CNG ਅਤੇ ਪੈਟਰੋਲ ਤੋਂ ਵੀ ਰਾਹਤ ਮਿਲ ਸਕਦੀ ਹੈ। ਇਸ ਦੇ ਪਿੱਛੇ ਵੀ ਵੱਡਾ ਕਾਰਨ ਲੋਕਸਭਾ ਚੋਣਾਂ ਹਨ। 29 ਅਗਰਤ ਨੂੰ 5 ਸੂਬਿਆਂ ਵਿੱਚ ਹੋਈਆਂ ਚੋਣਾਂ ਤੋਂ ਠੀਕ ਪਹਿਲਾਂ ਕੇਂਦਰ ਨੇ LPG ਸਿਲੰਡਰ ਦੀ ਕੀਮਤ ਵਿੱਚ 200 ਰੁਪਏ ਘੱਟ ਕੀਤੇ ਸਨ ਜਿਸ ਦਾ ਅਸਰ ਚੋਣ ਨਤੀਜਿਆਂ ਤੇ ਵੇਖਣ ਨੂੰ ਮਿਲਿਆ ਸੀ। ਇਸ ਤੋਂ ਇਲਾਵਾ ਪੈਟਰੋਲ ਅਤੇ CNG ਦੀ ਕੀਮਤ ਵਧਾ ਕੇ ਸਰਕਾਰ ਆਪਣੇ ਵੋਟ ਬੈਂਕ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗੀ।

5. ਪੰਜਾਬ ਦੀ ਸਿੱਖ ਸਿਆਸਤ ਦੇ ਲਈ ਵੀ 2024 ਸਰਗਰਮੀਆਂ ਭਰਪੂਰ ਰਹਿਣ ਵਾਲਾ ਹੈ । 31 ਦਸੰਬਰ 2023 ਨੂੰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੇਂਦਰ ਨੂੰ ਬੰਦੀ ਸਿੰਘਾਂ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫੀ ਦਾ ਅਲਟਿਮੇਟਮ ਖਤਮ ਹੋ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਾਹ ਨੇ ਪਾਰਲੀਮੈਂਟ ਵਿੱਚ ਸਾਫ ਕਰ ਦਿੱਤਾ ਹੈ ਰਾਜੋਆਣਾ ਵੱਲੋਂ ਜਦੋਂ ਤੱਕ ਆਪ ਮੁਆਫੀ ਦੀ ਪਟੀਸ਼ਨ ਨਹੀਂ ਦਿੱਤੀ ਜਾਂਦਾ ਹੈ,ਕੋਈ ਵਿਚਾਰ ਨਹੀਂ ਹੋਵੇਗਾ। ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀਅਧੀਨ ਬਣੀ 5 ਮੈਂਬਰੀ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਾ ਸਮਾਂ ਮੰਗਿਆ ਜਵਾਬ ਵਿੱਚ ਗ੍ਰਹਿ ਮੰਤਰੀ ਨੂੰ ਮਿਲਣ ਦਾ ਸੁਨੇਹਾ ਆਇਆ। ਅਜਿਹੇ ਵਿੱਚ ਨਜ਼ਰ ਇਸ ਗੱਲ ਕਰੇਗੀ ਕੀ ਕਮੇਟੀ ਦੀ 2024 ਵਿੱਚ ਅਗਲੀ ਰਣਨੀਤੀ ਕੀ ਹੋਵੇਗੀ ? ਕੀ ਕੇਂਦਰ ਖਿਲਾਫ ਵੱਡਾ ਅੰਦੋਲਨ ਹੋਵੇਗ ਜਾਂ ਫਿਰ ਬੈਗ ਡੋਰ ਗੱਲਬਾਤ ਦੇ ਜ਼ਰੀਏ ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰ ਕੋਈ ਵੱਡਾ ਫੈਸਲਾ ਕਰੇਗੀ । ਦੁਨੀਆ ਭਰ ਦੇ ਸਿੱਖਾਂ ਦੀ ਇਸ ਤੇ ਨਜ਼ਰ ਹੋਵੇਗੀ ।

6. ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਹਰਦੇਵ ਸਿੰਘ ਕਾਉਂਕੇ ਦੇ ਐਨਕਾਉਂਟਰ ਮਾਮਲੇ ਦੀ ਜਾਂਚ ਪੱਖੋ ਵੀ ਇਹ ਸਾਲ ਕਾਫੀ ਖਾਸ ਹੈ । 25 ਸਾਾਲ ਬਾਅਦ ਮਨੁੱਖੀ ਅਧਿਕਾਰ ਜਥੇਬੰਦੀ ਨੇ ADGP ਬੀਪੀ ਤਿਵਾੜੀ ਦੀ ਜਿਹੜੀ ਜਾਂਚ ਰਿਪੋਰਟ ਨਸ਼ਰ ਕੀਤ ਹੈ ਉਸ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ‘ਤੇ SGPC ਐਕਸ਼ਨ ਵਿੱਚ ਨਜ਼ਰ ਆ ਰਹੀ ਹੈ। ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਲੀਗਰ ਟੀਮ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕੇਸ ਵਿੱਚ ਮਾਨ ਸਰਕਾਰ ਦੇ ਐਕਸ਼ਨ ਤੇ ਵੀ ਸਿੱਖ ਪੰਥ ਦੀ ਨਜ਼ਰ ਰਹੇਗੀ ।

7. ਕੋਟਕਪੂਰਾ ਅਤੇ ਬਹਿਲਬਲਾਂ ਗੋਲੀਕਾਂਡ ਵਿੱਚ ਇਨਸਾਫ ਦੀ ਜੰਗ ਪੱਖੋ ਵੀ 2024 ਦਾ ਸਾਲ ਅਹਿਮ ਰਹਿਣ ਵਾਲਾ ਹੈ । ਦੋਵੇ SIT ਨੇ 2023 ਵਿੱਚ ਚਾਰਜਸ਼ੀਟ ਫਾਈਲ ਕਰ ਦਿੱਤੀ ਅਤੇ ਕੇਸ ਵਿੱਚ ਕਾਰਵਾਈ ਮੁਲਤਕ ਸਟੇਟਸ ਰਿਪੋਰਟ ਵੀ ਸੌਂਪ ਦਿੱਤੀ ਹੈ। ਅਜਿਹੇ ਵਿੱਚ ਸਰਕਾਰ ਇਸ ਕੇਸ ਨੂੰ ਕਿਵੇਂ ਮਜਬੂਤੀ ਨਾਲ ਲੜ ਦੀ ਹੈ ਇਸ ‘ਤੇ ਨਜ਼ਰ ਹੋਵੇਗੀ । ਇਸੇ ਕੇਸ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸਿੰਘ ਸੈਣੀ ਵਰਗੇ ਵੱਡੇ ਸਿਆਸਤਦਾਨਾਂ ਅਤੇ ਪੁਲਿਸ ਅਫਸਰਾਂ ਦੇ ਨਾਂ ਜੁੜੇ ਹਨ। ਮਾਨ ਸਰਕਾਰ ਲਈ ਵੀ ਇਸ ਕੇਸ ਨੂੰ ਅੰਜਾਮ ਤੱਕ ਪਹੁੰਚਾਉਣਾ ਵੱਡੀ ਚੁਣੌਤੀ ਹੈ ।

8. 13 ਸਾਲ ਬਾਅਦ SGPC ਦੀਆਂ ਚੋਣਾਂ 2024 ਦੇ ਵਿੱਚ ਹੋ ਸਕਦੀਆਂ ਹਨ। ਵੋਟਾਂ ਬਣਾਉਣ ਦਾ ਕੰਮ ਚੱਲ ਰਿਹਾ ਅਤੇ 29 ਫਰਵਰੀ 2024 ਅਖੀਰਲੀ ਤਰੀਕ ਹੈ।ਸਾਰੇ ਜ਼ਿਲ੍ਹਿਆਂ ਦੇ ਸਬੰਧਤ ਡਿਪਟੀ ਕਮਿਸ਼ਨਰ 21 ਮਾਰਚ,2024 ਤੱਕ ਮੁਢਲੀ ਸੂਚੀਆਂ ਦੀ ਪ੍ਰਕਾਸ਼ਨ ਹੋਵੇਗਾ । ਇਤਰਾਜ਼ ਪ੍ਰਾਪਤ ਕਰਨ ਦੀ ਆਖਰੀ ਤਰੀਕ 11 ਅਪ੍ਰੈਲ 2024 ਮਿੱਥੀ। ਵੋਟਰ ਸੂਚੀ ਦਾ ਅੰਤਿਮ ਪ੍ਰਕਾਸ਼ਨ 3 ਮਈ, 2024 ਨੂੰ ਹੋਵੇਗੀ। ਯਾਨੀ ਮਈ ਤੋਂ ਬਾਅਦ ਕਿਸੇ ਵੇਲੇ ਵੀ SGPC ਦੀਆਂ ਚੋਣਾਂ ਦਾ ਐਲਾਨ ਕੇਂਦਰ ਸਰਕਾਰ ਕਰ ਸਕਦੀ ਹੈ। ਇਸ ਵਾਰ ਦੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣ ਅਕਾਲੀ ਦਲ ਲ਼ਈ ਚੁਣੌਤੀ ਭਰਪੂਰ ਰਹੇਗੀ । ਇਸ ਦੇ ਪਿੱਛੇ ਵੱਡੀ ਵਜ੍ਹਾ ਸੂਬੇ ਦੀ ਸਿਆਸਤ ਤੋਂ 7 ਸਾਲ ਤੋਂ ਬਾਹਰ ਹੋਣਾ ਅਤੇ 100 ਸਾਲ ਦੇ ਇਤਿਹਾਸ ਵਿੱਚ ਪਾਰਟੀ ਸਭ ਤੋਂ ਕਮਜ਼ੋਰ ਨਜ਼ਰ ਆ ਰਹੀ ਹੈ ।

9. ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੋਂਦ ਵਿੱਚ ਆਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਚੋਣਾਂ ਵੀ ਇਸੇ ਸਾਲ ਹੋਣੀਆਂ ਹਨ,ਇੱਥੇ ਵੀ ਵੋਟਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਵੇਲੇ 38 ਮੈਂਬਰੀ ਹੈਡਹਾਕ ਕਮੇਟੀ ਕੰਮ ਕਰ ਰਹੀ ਹੈ । ਇੱਥੇ ਵੀ ਅਕਾਲੀ ਦਲ ਵਕਾਰ ਦੀ ਲੜਾਈ ਲੜੇਗੀ । ਵਿਰੋਧ ਵਿੱਚ ਉਹ ਸਿੱਖ ਜਥੇਬੰਦੀਆਂ ਹਨ ਜਿੰਨਾਂ ਨੂੰ ਬੀਜੇਪੀ ਦੀ ਹਮਾਇਤ ਹੈ । ਇਸ ਵਿੱਚ ਬਲਜੀਤ ਸਿੰਘ ਦਾਦੂਵਾਲ ਧੜਾ ਵੀ ਸ਼ਾਮਲ ਹੈ ।

10. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਵੀ 2024 ਦੇ ਸ਼ੁਰੂਆਤ ਵਿੱਚ ਹੋਣੀ ਹੈ । 2022 ਵਿੱਚ ਹਰਮੀਤ ਸਿੰਘ ਕਾਲਕਾ ਪ੍ਰਧਾਨ ਚੁਣੇ ਗਏ ਸਨ। ਦਿੱਲੀ ਕਮੇਟੀ ਦੇ ਐਕਟ ਮੁਤਾਬਿਕ ਪ੍ਰਧਾਨ ਦਾ ਅਹੁਦਾ 2 ਸਾਲ ਲਈ ਹੁੰਦਾ ਹੈ । ਜਨਵਰੀ ਅਤੇ ਫਰਵਰੀ ਤੋਂ ਬਾਅਦ ਕਿਸੇ ਵੇਲੇ ਵੀ ਚੋਣਾਂ ਹੋ ਸਕਦੀਆਂ ਹਨ। ਕਾਲਕਾ ਧੜੇ ਕੋਲ ਇਸ ਵੇਲੇ 46 ਵਿੱਚ 28 ਮੈਂਬਰ ਹਨ। ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਅਕਾਲੀ ਦਲ ਕੋਲ 16 ਮੈਂਬਰ ਹਨ। ਹਾਲਾਂਕਿ ਕਾਲਕਾ ਧੜਾ ਮਜਬੂਤ ਹੈ ਪਰ ਸਰਨਾ ਅਤੇ ਜੀਕੇ ਦੇ ਹੱਥ ਮਿਲਾਉਣ ਨਾਲ ਦਿੱਲੀ ਕਮੇਟੀ ਵਿੱਚ ਅਖੀਰਲੇ ਸਮੇਂ ਕੁਝ ਵੀ ਹੋ ਸਕਦਾ ਹੈ।

11. ਪੰਜਾਬ ਦੇ ਸਿਆਸਤ ਨਾਲ ਜੁੜੇ ਕੁਝ ਵਡੇ ਚਿਹਰਿਆਂ ਦੇ ਕੇਸ ਵੀ 2024 ਦੀ ਹਾਈਲਾਈਟ ਰਹੇਗੀ । ਸੁਖਪਾਲ ਸਿੰਘ ਖਹਿਰਾ 4 ਮਹੀਨੇ ਤੋਂ ਡਰੱਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ,ਨਵਾਂ ਸਾਲ ਉਨ੍ਹਾਂ ਲਈ ਰਾਹਤ ਲੈਕੇ ਆਵੇਗਾ ਜਾਂ ਮੁਸੀਬਤ ਇਸ ਤੇ ਨਜ਼ਰ ਰਹੇਗੀ । ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ਦੀ ਜਾਂਚ ਹੁਣ ਨਵੀਂ SIT ਕਰੇਗੀ ਕਿਉਂਕਿ ਸਪੈਸ਼ਲ਼ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਐੱਮਐੱਸ ਛੀਨਾ 31 ਦਸੰਬਰ ਨੂੰ ਰਿਟਾਇਡ ਹੋ ਰਹੇ ਹਨ। ਨਵੀਂ SIT ਦਾ ਮੁਖੀ ਕੌਣ ਹੋਵੇਗਾ ਅਤੇ ਕੇਸ ਆਪਣੇ ਅੰਜਾਮ ਤੱਕ ਪਹੁੰਚੇਗਾ ਜਾਂ ਫਿਰ ਸਿਰਫ਼ ਸੰਮਨ ‘ਤੇ ਹੀ ਅਟਕਿਆ ਰਹੇਗਾ ਇਸ ਤੇ ਵੀ ਸਭ ਦੀ ਨਜ਼ਰ ਹੋਵੇਗੀ ।

12. ਸਿੱਧੂ ਮੂਸੇਵਾਲਾ ਕਤਲਕਾਂਡ ਕੇਸ ਵਿੱਚ ਮੁਲਜ਼ਮਾਂ ਦੇ ਖਿਲਾਫ ਟਰਾਇਲ ਸ਼ੁਰੂ ਹੋ ਗਿਆ ਹੈ । 2023 ਵਿੱਚ ਪੁਲਿਸ ਵੱਲੋਂ ਮੁਲਜ਼ਮਾਂ ਦੇ ਖਿਲਾਫ ਚਾਰਜਸ਼ੀਟ ਪੇਸ਼ ਕਰ ਦਿੱਤੀ ਗਈ ਸੀ। 2024 ਵਿੱਚ ਕੇਸ ਆਪਣੇ ਅੰਜਾਮ ਤੱਕ ਪਹੁੰਚ ਸਕੇਗਾ ਇਸ ‘ਤੇ ਨਾ ਸਿਰਫ ਪੰਜਾਬ ਦੀ ਨਜ਼ਰ ਬਲਕਿ ਪੂਰੀ ਦੁਨੀਆ ਵਿੱਚ ਸਿੱਧੂ ਮੂਸੇਵਾਲਾ ਦੇ ਚਾਹਵਾਨਾਂ ਦੀ ਹੋਵੇਗੀ। ਵੈਸੇ ਅਦਾਲਤ ਨੇ ਇਸ ਦੀ ਸੁਣਵਾਈ ਰਫਤਾਰ ਨਾਲ ਕਰ ਰਿਹਾ ਹੈ ਹਰ 15 ਦਿਨਾਂ ਦੇ ਅੰਦਰ ਸੁਣਵਾਈ ਹੁੰਦੀ ਹੈ। ਪਿਤਾ ਬਲਕੌਰ ਸਿੰਘ ਵੀ ਸੰਤੁਸ਼ਟੀ ਜਤਾ ਚੁੱਕੇ ਹਨ। ਉਧਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਦੇ ਬਣੀ ਨਵੀਂ SIT ਦੇ ਨਤੀਜੇ ‘ਤੇ ਵੀ ਸਭ ਦੀ ਨਜ਼ਰ ਹੋਵੇਗੀ । ਹਾਈਕੋਰਟ ਆਪ ਇਸ ਨੂੰ ਮੋਨੀਟਰ ਕਰ ਰਿਹਾ ਹੈ । ਇਸ ਦੀ ਰਿਪੋਰਟ ਪੰਜਾਬ ਦੀ ਸਿਆਸਤ ਤੇ ਵੱਡਾ ਅਸਰ ਪਾਏਗੀ ।

13. ਕੈਨੇਡਾ ਵਿੱਚ ਮਾਰੇ ਗਏ ਹਰਦੀਪ ਸਿੰਘ ਨਿੱਝਰ ਅਤੇ SFJ ਦੇ ਗੁਰਪਤਵੰਤ ਸਿੰਘ ਪੰਨੂ ਦੀ ਟਾਰਗੇਟ ਕਿਲਿੰਗ ਸਾਜਿਸ਼ ਦਾ ਮੁੱਦਾ ਵੀ 2024 ਵਿੱਚ ਵੱਡੀ ਸੁਰੱਖਿਆ ਬਣ ਸਕਦਾ ਹੈ। ਕੀ ਕੈਨੇਡਾ ਸਰਕਾਰ ਨਿੱਝਰ ਮਾਮਲੇ ਵਿੱਚ ਨਵੇਂ ਸਬੂਤਾਂ ਨਾਲ ਹੋਰ ਖੁਲਾਸੇ ਕਰੇਗੀ । ਇਸ ਦਾ ਅਸਰ 2024 ਵਿੱਚ ਭਾਰਤ ਅਤੇ ਕੈਨੇਡਾ ਦੀ ਕੌਮਾਂਤਰੀ ਸਿਆਸਤ ‘ਤੇ ਕੀ ਪਏਗਾ। ਵਿਦੇਸ਼ ਵਿੱਚ ਵਸੇ ਸਿੱਖ ਇਸ ਨੂੰ ਕਿਸ ਨਜ਼ਰ ਨਾਲ ਵੇਖਣਗੇ। ਇਸ ਤੋਂ ਇਲਾਵਾ ਕੀ ਅਮਰੀਕਾ ਪੰਨੂ ਕਤਲ ਸਾਜਿਸ਼ ਦੀ ਜਾਂਚ ਆਪਣੇ ਅੰਜਾਮ ਤੱਕ ਪਹੁੰਚਾ ਸਕੇਗਾ ਇਸ ਦਾਾ ਅਸਰ ਭਾਰਤ ਅਮਰਕਾ ‘ਤੇ ਕੀ ਪਏਗਾ ਇਹ ਵੇਖਣ ਵਾਲੀ ਗੱਲ ਹੋਵੇਗੀ

14. ਭਾਰਤ ਦੀ ਸਿਆਸਤ ਪੱਖੋ 2024 ਦਾ ਸਾਲ ਬਹੁਤ ਹੀ ਅਹਿਮ ਹੈ । ਦੇਸ਼ ਨਵੇਂ ਪ੍ਰਧਾਨ ਮੰਤਰੀ ਨੂੰ ਚੁਣਨ ਦੇ ਲਈ ਵੋਟਾਂ ਕਰਨ ਜਾ ਰਿਹਾ ਹੈ। ਅਪ੍ਰੈਲ ਤੋਂ ਮਈ ਦੇ ਵਿਚਾਲੇ ਦੇਸ਼ ਵਿੱਚ ਲੋਕਸਭਾ ਚੋਣਾ ਹੋਣਗੀਆਂ ਜੂਨ ਵਿੱਚ ਨਤੀਜਿਆਂ ਦੇ ਨਾਲ ਨਵੀਂ ਸਰਕਾਰ ਹੋਂਦ ਵਿੱਚ ਆ ਜਾਵੇਗੀ,ਮੁਕਾਬਲਾ BJP ਦੇ NDA ਗਠਜੋੜ ਦਾ ਵਿਰੋਧੀ ਧਿਰ ਦੇ INDIA ਜੋੜ ਨਾਲ ਹੈ । ਬੀਜੇਪੀ ਦੇ ਵੱਲੋਂ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਦਾਅਵੇਦਾਰੀ ਪੇਸ਼ ਕਰਨਗੇ ਜਦਕਿ ਵਿਰੋਧੀ ਧਿਰ ਦਾ ਪ੍ਰਧਾਨ ਮੰਤਰੀ ਦੇ ਲਈ ਕੋਈ ਚਿਹਰਾ ਨਹੀਂ ਹੈ। ਚੋਣਾਂ ਵਿੱਚ ਬੀਜੇਪੀ ਦੇ ਲਈ ਸੀਟ ਸ਼ੇਅਰਿੰਗ ਕੋਈ ਚੁਣੌਤੀ ਨਹੀਂ ਹੈ ਜਦਕਿ INDIA ਗਠਜੋੜ ਦੀ ਸਭ ਤੋਂ ਵੱਡੀ ਚੁਣੌਤੀ ਸੀਟ ਸੇਅਰਿੰਗ ਨੂੰ ਲੈਕੇ ਹੈ। ਖਾਾਸ ਕਰਕੇ ਪੰਜਾਬ ਅਤੇ ਦਿੱਲੀ ਜਿੱਥੇ ਦੇ ਕਾਂਗਰਸ ਵਿੱਚ ਆਪ ਨਾਲ ਗਠਜੋੜ ਨੂੰ ਲੈਕੇ ਸਭ ਤੋਂ ਜ਼ਿਆਦਾ ਵਿਰੋਧ ਹੈ। ਪੰਜਾਬ ਵਿੱਚ ਆਾਪ ਨਾਲ ਗਠਜੋੜ ਦਾ ਫੈਸਲਾ ਪਾਰਟੀ ਵਿੱਚ ਵੱਡੀ ਬਗਾਵਤ ਕਰਾ ਸਕਦਾ ਹੈ। ਕਾਂਗਰਸ ਲਈ ਯੂਪੀ ਅਤੇ ਪੱਛਮੀ ਬੰਗਾਲ ਵਿੱਚ ਵੀ ਸੀਟ ਸ਼ੇਅਰਿੰਗ ਵੱਡੀ ਚੁਣੌਤੀ ਹੈ । ਸਮਾਜਵਾਧੀ ਪਾਰਟੀ ਅਤੇ ਤ੍ਰਿਮੂਲ ਕਾਂਗਰਸ ਇੱਥੇ ਕਾਂਗਰਸ ਨੂੰ ਪੈਰ ਰੱਖਣ ਦਾ ਮੌਕਾ ਨਹੀਂ ਦੇਵੇਗੀ। ਇਸ ਤੋਂ ਇਲਾਵਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਵੀ ਇਸੇ ਸਾਲ ਵਿਧਾਨਸਭਾ ਚੋਣਾਂ ਹਨ।

15 . ਪੰਜਾਬ ਵਿੱਚ ਗਠਜੋੜ ਦੀ ਸਿਆਸਤ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਏਕੇ ਦੇ ਸੱਦੇ ਦੇ ਨਤੀਜੇ ‘ਤੇ ਵੀ ਸਭ ਦੀ ਨਜ਼ਰ ਹੋਵੇਗੀ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਅਕਾਲੀ ਦਲ ਅਤੇ ਬੀਜੇਪੀ ਦੇ ਵਿਚਾਲੇ ਗਠਜੋੜ ਹੋਵੇਗਾ । ਕੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੰਗੀ ਮੁਆਫੀ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਅਤੇ ਬੀਬੀ ਜਗੀਰ ਕੌਰ ਵਾਂਗ ਰੁਸੇ ਅਕਾਲੀ ਆਗੂ ਸੁਖਬੀਰ ਬਾਦਲ ਦੀ ਅਗਵਾਈ ਨੂੰ ਮੁੜ ਤੋਂ ਕਬੂਲ ਕਰਨਗੇ। ਜੇਕਰ ਹਾਂ ਤਾਂ ਸ਼ਰਤ ਕੀ ਹੋਵੇਗੀ। ਉਧਰ ਕਾਂਗਰਸ ਦੇ ਵਿਚਾਲੇ ਨਵਜੋਤ ਸਿੰਘ ਸਿੱਧੂ ਧੜੇ ਅਤੇ ਰਾਜਾ ਵੜਿੰਗ ਧੜੇ ਦੇ ਵਿਚਾਲੇ ਸ਼ੁਰੂ ਹੋਇਆ ਪਾਰਟੀ ਦਾ ਅੰਦਰੂਨੀ ਕਲੇਸ਼ ਕਾਂਗਰਸ ਨੂੰ ਕਿੱਥੇ ਪਹੁੰਚਾਏਗਾ ਇਸ ਦਾ ਜਵਾਬ ਵੀ 2024 ਵਿੱਚ ਮਿਲੇਗਾ ।

16. ਭਾਰਤ ਦੇ ਨਾਲ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ 8 ਫਰਵਰੀ 2024 ਨੂੰ ਆਮ ਚੋਣਾਂ ਹੋਣੀਆਂ ਹਨ। ਇਸ ਵਾਰ ਵੀ ਮੁਕਾਬਲਾ ਇਮਰਾਨ ਖਾਨ ਦੀ ਪਾਰਟੀ ਤਾਰੀਕ-ਏ-ਇਨਸਾਫ,ਭੁੱਟੋ ਦੀ PPP, ਨਵਾਜ਼ ਸ਼ਰੀਫ ਦੀ PML ਦੇ ਵਿਚਾਲੇ ਹੋਵੇਗਾ । ਇਮਰਾਨ ਖਾਨ ਨੂੰ 2019 ਵਿੱਚ ਬਹੁਮਤ ਮਿਲਿਆ ਸੀ ਪਰ 2022 ਵਿੱਚ ਭੁੱਟੋ ਅਤੇ ਨਵਾਜ਼ ਸ਼ਰੀਫ ਨੇ ਹੱਥ ਮਿਲਾਕੇ ਇਮਰਾਨ ਖਾਨ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ। ਹੁਣ ਚੋਣ ਨਤੀਜਿਆਂ ਤੋਂ ਬਾਅਦ ਦੋਵੇ ਇੱਕ ਵਾਰ ਮੁੜ ਤੋਂ ਇਕੱਠੇ ਹੋਣਗੇ ਇਸ ਤੇ ਸਭ ਦੀਆਂ ਨਜ਼ਰਾਂ ਹੋਣਗੀਆਂ।

17. ਭਾਰਤ,ਪਾਕਿਸਤਾਨ ਤੋਂ ਇਲਾਵਾ ਅਮਰੀਕਾ ਵਿੱਚ ਵੀ ਰਾਸ਼ਟਰਪਤੀ ਦੀਆਂ ਚੋਣਾਂ 2024 ਦੇ ਅਖੀਰ ਵਿੱਚ ਹੋਣਗੀਆਂ। ਡੈਮੋਕ੍ਰੇਟਿਕ ਪਾਰਟੀ ਤੋਂ ਜੋ ਬਾਈਡਨ ਇੱਕ ਵਾਰ ਮੁੜ ਤੋਂ ਦਾਅਵੇਦਾਰੀ ਪੇਸ਼ ਕਰਨਗੇ ਜਾਂ ਫਿਰ ਉੱਪ ਰਾਸ਼ਟਰਪਤੀ ਕਮਲਾ ਹੈਰੀਸ ਇਸ ਤੇ ਸਭ ਦੀਆਂ ਨਜ਼ਰਾ ਹੋਣਗੀਆਂ। ਰੀਪਬਲਿਕਨ ਵੱਲੋਂ ਡੋਨਲਡ ਟਰੰਪ ਨੂੰ ਮੌਕਾ ਮਿਲੇਗਾ ਜਾਂ ਫਿਰ ਪੰਜਾਬੀ ਮੂਲ ਦੀ ਨਿੱਕੀ ਹੈਲੀ ਦਾਅਵੇਦਾਰੀ ਪੇਸ਼ ਕਰਨਗੇ । ਪਿਛਲੀ ਵਾਰ ਅਮਰੀਕਾ ਦੀ ਜਨਤਾ ਨੇ 4 ਸਾਲ ਬਾਅਦ ਹੀ ਟਰੰਪ ਨੂੰ ਸਤਾ ਤੋਂ ਹੱਟਾ ਦਿੱਤਾ ਸੀ। ਇਸ ਤੋਂ ਇਲਾਵਾ ਬ੍ਰਿਟੇਨ ਦੀਆਂ ਜਨਰਲ ਚੋਣਾਂ ਵੀ ਇਸੇ ਸਾਲ ਦੇ ਅਖੀਰ ਵਿੱਚ ਹੋ ਸਕਦੀਆਂ ਹਨ। ਵੈਸੇ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਸਰਕਾਰ ਦਾ ਕਾਰਜਕਾਲ 28 ਜਨਵਰੀ 2025 ਤੱਕ ਹੈ । ਪਰ ਵੋਟਾਂ 12 ਦਸੰਬਰ 2024 ਤੱਕ ਹੋ ਜਾਣੀ ਚਾਹੀਦੀ ਹੈ ਨਹੀਂ ਤਾਂ ਸੰਵਿਧਾਨ ਦੇ ਮੁਤਾਬਿਕ ਸਰਕਾਰ ਆਪਣੇ ਆਪ ਹੀ ਭੰਗ ਕਰ ਦਿੱਤੀ ਜਾਵੇਗੀ।

18. 2024 ਵਿੱਚ ਕੈਨੇਡਾ,ਆਸਟੇਲੀਆ ਅਤੇ ਇੰਗਲੈਂਡ ਵਿੱਚ ਜਾਣਾ ਮੁਸ਼ਕਿਲ ਹੋ ਜਾਵੇਗਾ। ਤਿੰਨਾਂ ਦੇਸ਼ਾਂ ਨੇ ਦਸੰਬਰ 2023 ਵਿੱਚ ਇਸ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਵਿੱਚ ਪੜਨ ਜਾਣ ਵਾਲੇ ਵਿਦਿਆਰਥੀਆਂ ਨੂੰ ਹੁਣ ਵੱਧ ਪੈਸਾ ਖਰਚ ਕਰਨਾ ਹੋਵੇਗਾ ਉਨ੍ਹਾਂ ਦੀ ਫੀਸ ਡਬਲ ਕਰ ਦਿੱਤੀ ਗਈ ਹੈ । 2024 ਤੋਂ ਇਹ ਲਾਗੂ ਹੋ ਜਾਵੇਗਾ । ਇਸ ਤੋਂ ਇਲਾਵਾ ਕੰਮ ਕਰਨ ਦੇ ਘੰਟੇ 30 ਅਪ੍ਰੈਲ ਤੋਂ ਮੁੜ ਤੋਂ 20 ਘੰਟੇ ਹਫਤਾ ਕਰ ਦਿੱਤੇ ਗਏ ਹਨ ਜਦਕਿ ਪਹਿਲਾਂ ਅਨਲਿਮਟਿਡ ਸਨ। ਯੂਕੇ ਨੇ ਆਪਣੇ ਦੇਸ਼ ਵਿੱਚ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਨਾਗਰਿਕਤਾਂ ਦੀ ਗਿਣਤੀ ਘੱਟ ਕਰਨ ਦੇ ਲਈ ਸਖਤ ਇਮੀਗਰੇਸ਼ਨ ਨਿਯਮ ਦਾ ਐਲਾਨ ਕਰ ਦਿੱਤਾ ਹੈ। ਹੁਣ ਪਤੀ ਜਾਂ ਪਤਨੀ ਆਪਣੇ ਨਾਲ ਕਿਸੇ ਨੂੰ ਪੜਾਈ ਦੇ ਦੌਰਾਨ ਨਾਲ ਨਹੀਂ ਲੈਕੇ ਆ ਸਕਦਾ ਹੈ।ਮੈਡੀਕਲ ਨਿਯਮ ਵਿੱਚ ਸਖਤ ਕੀਤੇ ਹਨ। ਨੌਕਰੀ ਨੂੰ ਲੈਕੇ ਸਪਾਉਸ ਵੀਜ਼ਾ ਦੀ ਆਮਦਨ ਦੀ ਹੱਦ ਡਬਲ ਕਰ ਦਿੱਤੀ ਹੈ । ਇਸੇ ਤਰ੍ਹਾਂ ਆਸਟ੍ਰੇਲੀਆ ਨੇ ਵੀ 5 ਲੱਖ ਦੀ ਥਾਂ ਅਗਲੇ ਸਾਲ ਤੋਂ ਇਮੀਗੇਸ਼ਨ ਦੀ ਗਿਣਤੀ ਢਾਈ ਲੱਖ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਲਈ ਅੰਗਰੇਜ਼ੀ ਭਾਸ਼ਾ ਦੇ ਟੈਸਟ ਨੂੰ ਹੋਰ ਸਖਤ ਕੀਤਾ ਗਿਆ ਹੈ।

19 22 ਜਨਵਰੀ 2024 ਭਾਰਤ ਦੇ ਇਤਿਹਾਸ ਵਿੱਚ ਵੱਡਾ ਦਿਨ ਹੈ । ਇਸੇ ਦਿਨ ਅਯੋਧਿਆ ਵਿੱਚ ਰਾਮ ਮੰਦਰ ਦਾ ਉਧਘਾਟਨ ਹੋਵੇਗਾ । ਦੇਸ਼ ਵਿਦੇਸ਼ ਤੋਂ ਸਿਆਸਤਦਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਧਾਰਮਿਕ ਅਤੇ ਬਾਲੀਵੁਡ ਦੀਆਂ ਕਈ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ । ਬੀਜੇਪੀ ਨੇ 24 ਜਨਵਰੀ ਤੋਂ ਸਾਰੇ ਲੋਕਸਭਾ ਹਲਕਿਆਂ ਤੋਂ 5 ਹਜ਼ਾਰਾ ਲੋਕਾਂ ਨੂੰ ਰਾਮ ਮੰਦਰ ਦੇ ਦਰਸ਼ਨ ਕਰਵਾਉਣ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਉਧਰ ਪੰਜਾਬ ਕਾਂਗਰਸ ਨੇ ਵੀ ਵਿਧਾਨਸਭਾ ਹਲਕਿਆਂ ਤੋਂ ਸਪੈਸ਼ਲ ਬੱਸ ਸੇਵਾ ਚਲਾਉਣ ਦਾ ਐਲਾਨ ਕੀਤਾ ਹੈ।

20. ਗਣਰਾਜ ਦਿਹਾੜੇ ਤੇ ਇਸ ਵਾਰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਮੁੱਖ ਮਹਿਮਾਨ ਹੋਣਗੇ । ਪਹਿਲਾਂ ਅਮਰੀਕਾ ਦੇ ਰਾਸ਼ਟਪਤੀ ਬਾਈਡਨ ਨੂੰ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਸਮਾਂ ਨਾ ਹੋਣ ਦੀ ਵਜ੍ਹਾ ਕਰਕੇ ਆਉਣ ਤੋਂ ਮਨਾ ਕਰ ਦਿੱਤਾ । ਉਧਰ ਇੱਕ ਵਾਰ ਮੁੜ ਤੋਂ ਗਣਰਾਜ ਦਿਹਾੜੇ ਤੇ ਪੰਜਾਬ ਦੀ ਝਾਕੀ ਨਜ਼ਰ ਨਹੀਂ ਆਵੇਗੀ। 27 ਦਸੰਬਰ ਨੂੰ ਕੇਂਦਰ ਸਰਕਾਰ ਨੇ ਪੰਜਾਬ ਵੱਲੋਂ ਭੇਜੀਆਂ ਗਈਆਂ ਤਿੰਨ ਝਾਕੀਆਂ ਦੇ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ 15 ਅਗਸਤ ਅਤੇ 26 ਜਨਵਰੀ ਨੂੰ ਭਗਵਾ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਪੰਜਾਬ ਵਿੱਚ ਤਿੰਨੋ ਝਾਕੀਆਂ ਕੱਢਣ ਦਾ ਫੈਸਲਾ ਲਿਆ ਹੈ । ਇੰਨਾਂ ਤੇ ਲਿਖਿਆ ਜਾਵੇਗਾ ਰੀਜੈਕਟਿਡ ਬਾਈ ਕੇਂਦਰ ਸਰਕਾਰ ।

21. ਸੁਪਰੀਮ ਕੋਰਟ 2024 ਵਿੱਚ 11 ਵੱਡੇ ਕੇਸਾਂ ਦੀ ਸੁਣਵਾਈ ਕਰੇਗਾ । ਜਿਸ ਵਿੱਚ ਇਲੈਕਟੋਰਲ ਬਾਂਡ,ED ਦੀ ਪਾਵਰ,ਦਿੱਲੀ ਸਰਕਾਰ ਦੇ ਅਧਿਕਾਰ,ਫ੍ਰੀ ਬੀਜ,ਗੈਰ ਵਿਆਉਤਾ ਨੂੰ ਸੈਰੋਗੈਰੀ ਦਾ ਅਧਿਕਾਰ,CAA,ਗਿਆਨਵਾਪੀ ਵਿਵਾਦ,ਦਾਗੀ ਆਗੂਆਂ ਤੇ ਚੋਣ ਲੜਨ ਤੇ ਉਮਰ ਭਰ ਦਾ ਬੈਨ, ਔਰਤਾਂ ਦੀ ਧਾਰਮਿਕ ਅਜ਼ਾਦੀ ਅਤੇ ਰਾਜਪਾਲਾ ਦੀ ਸ਼ਕਤੀਆਂ ਸ਼ਾਮਲ ਹਨ ।

22. 2023 ਵਿੱਚ ਚੰਨ ਤੇ ਫਤਿਹ ਪਾਉਣ ਤੋਂ ਬਾਅਦ ISRO ਆਪਣਾ ਅਗਲਾ ਮਿਸ਼ਨ ਗਗਨਯਾਨ 2024 ਵਿੱਚ ਲਾਂਚ ਕਰੇਗਾ । ਜਨਵਰੀ ਜਾਂ ਫਰਵਰੀ ਦੇ ਵਿੱਚ ਇਸ ਦੀ ਸ਼ੁਰੂਆਤ ਹੋਵੇਗੀ। ਇਸ ਪ੍ਰੋਜੈਕਟ ਦੇ ISRO 10 ਹਜ਼ਾਰ ਕਰੋੜ ਖਰਚ ਕਰ ਰਿਹਾ ਹੈ । 2018 ਵਿੱਚ ਪ੍ਰਧਾਨ ਮੰਤਰੀ ਨੇ ਇਸ ਦਾ ਐਲਾਨ ਕੀਤਾ ਸੀ। ISRO ਨੇ ਗਗਨਯਾਨ ਮਿਸ਼ਨ ਦੇ ਲਈ ਡਰੈਗ ਪੈਰਾਸ਼ੂਟ ਦਾ ਸਫਲ ਪਰੀਖਣ 8 ਤੋਂ 10 ਅਗਸਦ ਦੇ ਵਿਚਾਲੇ ਚੰਡੀਗੜ ਵਿੱਚ ਕੀਤਾ ਸੀ। ਇਹ ਪੈਰਾਸ਼ੂਟ ਐਸਟੋਨਾਟਸ ਦੀ ਸੇਫ ਲੈਂਡਿੰਗ ਵਿੱਚ ਮਦਦ ਕਰੇਗਾ ।

23. 2024 ਕ੍ਰਿਕਟ ਫੈਨਸ ਦੇ ਲ਼ਈ ਖਾਸ ਰਹੇਗਾ । ਪੁਰਸ਼ਾ ਦਾ T-20 ਕਿਕਟ ਵਰਲਡ ਕੱਪ ਜੂਨ ਦੌਰਾਨ ਵੈਸਟਇੰਡੀਜ਼ ਵਿੱਚ ਖੇਡਿਆਂ ਜਾਵੇਗਾ । ਟੂਰਨਾਮੈਂਟ ਵਿੱਚ 20 ਕ੍ਰਿਕਟ ਟੀਮਾਂ ਪਹਿਲੀ ਵਾਰ ਹਿੱਸਾ ਲੈ ਰਹੀਆਂ ਹਨ । ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਨਿਊਯਾਰਕ ਵਿੱਚ ਖੇਡਿਆ ਜਾਵੇਗਾ। ਵਰਲਡ ਕੱਪ ਦੇ 50 ਓਵਰ ਦਾ ਫਾਈਨਲ ਹਾਰਨ ਤੋਂ ਬਾਅਦ ਭਾਰਤ ਦੀ ਕੋਸ਼ਿਸ਼ ਹੋਵੇਗੀ ਕਿ ਉਹ 2007 ਤੋਂ ਬਾਅਦ ਦੂਜੀ ਵਾਰ ਟੀ-20 ਦੀ ਚੈਂਪੀਅਨ ਬਣੇ। ਪਰ ਰੋਹਿਤ ਅਤੇ ਵਿਰਾਟ ਕੋਹਲੀ ਟੀ-20 ਵਰਲਡ ਕੱਪ ਖੇਡਣਗੇ ਜਾਂ ਨਹੀਂ ਇਹ ਵੱਡਾ ਸਵਾਲ ਹੈ । ਇਸ ਤੋਂ ਪਹਿਲਾਂ IPL ਹੋਏਗਾਾ । ਇਸ ਵਿੱਚ ਵੱਡੇ ਫੇਰਬਦਲ ਵੇਖਣ ਨੂੰ ਮਿਲਣਗੇ। ਕਈ ਟੀਮਾਂ ਦੇ ਕਪਤਾਨ ਬਦਲੇ ਹਨ। ਮੁੰਬਈ ਇੰਡੀਆ ਦੀ ਕਪਤਾਨੀ ਹਾਰਦਿਕ ਪਾਂਡਿਆ ਕਰਨਗੇ। ਜਦਕਿ ਗੁਜਰਾਤ ਦੀ ਕਪਤਾਨੀ ਸੁਭਮਨ ਗਿੱਲ ਕਰਦੇ ਹੋਏ ਨਜ਼ਰ ਆਉਣਗੇ। ਮਹਿੰਦਰ ਸਿੰਘ ਧੋਨੀ ਇੱਕ ਵਾਰ ਮੁੜ ਤੋਂ ਮੈਦਾਨ ਵਿੱਚ ਉਤਰਨਗੇ ।

24. ਖੇਡਾਂ ਦਾ ਮਹਾਕੁੰਭ ਓਲੰਪਿਕ ਇਸ ਵਾਰ 2024 ਵਿੱਚ ਪੈਰੀਸ ਵਿੱਚ ਹੋਵੇਗਾ । 4 ਸਾਲ ਬਾਅਦ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਹੋਣ ਵਾਲੇ ਓਲੰਪਿਕ ਵਿੱਚ ਭਾਰਤ ਸਮੇਤ ਦੁਨੀਆ ਦੇ 100 ਤੋਂ ਵੱਧ ਦੇਸ਼ ਹਿੱਸਾ ਲੈਣਗੇ। 2020 ਦੇ ਟੋਕੀਓ ਓਲੰਪਿਕ ਵਿੱਚ ਭਾਾਰਤ ਨੇ ਰਿਕਾਰਡ 7 ਮੈਡਲ ਹਾਸਲ ਕੀਤੇ ਸਨ। ਏਸ਼ੀਅਨ ਖੇਡਾਂ ਵਿੱਚ ਜਿਸ ਤਰ੍ਹਾਂ ਨਾਲ ਦੇਸ਼ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਉਸ ਨੇ ਓਲੰਪਿਕ ਵਿੱਚ ਉਮੀਦਾਂ ਵਧਾ ਦਿੱਤੀਆਂ ਹਨ। ਪੰਜਾਬ ਦੇ ਕਈ ਖਿਡਾਰੀ ਵੀ ਓਲੰਪਿਕ ਦੇ ਲਈ ਕੁਆਲੀਫਾਈ ਕਰ ਚੁੱਕੇ ਹਨ ।