ਉਜ਼ਬੇਕਿਸਤਾਨ : ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਤੋਂ ਬਾਅਦ ਹੁਣ ਉਜ਼ਬੇਕਿਸਤਾਨ ( Uzbekistan ) ‘ਚ ਕਥਿਤ ਤੌਰ ‘ਤੇ ਭਾਰਤੀ ਦਵਾਈ ਕੰਪਨੀ ਦੀ ਖੰਘ ਵਾਲੀ ਸਿਰਪ (ਦਵਾਈ) ਪੀਣ ਨਾਲ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਉਜ਼ਬੇਕਿਸਤਾਨ ਦੀ ਸਰਕਾਰ ਵੱਲੋਂ 18 ਬੱਚਿਆਂ ਦੀ ਮੌਤ ਲਈ ਇੱਕ ਭਾਰਤੀ ਦਵਾਈ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਇੱਕ ਭਾਰਤੀ ਫਾਰਮਾਸਿਊਟੀਕਲ ਕੰਪਨੀ ਦੁਆਰਾ ਤਿਆਰ ਖੰਘ ਦੇ ਸਿਰਪ ਦਾ ਸੇਵਨ ਕਰਨ ਨਾਲ 18 ਬੱਚਿਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਦੋਸ਼ ਲਾਇਆ ਹੈ ਕਿ ਇੱਕ ਭਾਰਤੀ ਦਵਾਈ ਕੰਪਨੀ ਵੱਲੋਂ ਬਣਾਈ ਗਈ ਸੀਰਪ ਪੀਣ ਨਾਲ ਦੇਸ਼ ਵਿੱਚ 18 ਬੱਚਿਆਂ ਦੀ ਮੌਤ ਹੋ ਗਈ ਹੈ।
ਉਜ਼ਬੇਕਿਸਤਾਨ ਦੀ ਇੱਕ ਸਥਾਨਕ ਨਿਊਜ਼ ਵੈੱਬਸਾਈਟ AKI.com ਦੀ ਰਿਪੋਰਟ ਮੁਤਾਬਿਕ ਉੱਤਰ ਪ੍ਰਦੇਸ਼ ਸਥਿਤ ਮੈਰੀਅਨ ਬਾਇਓਟੈਕ ਦੁਆਰਾ ਨਿਰਮਿਤ ਗੋਲੀ ਅਤੇ ਸ਼ਰਬਤ ‘ਡਾਕ-1 ਮੈਕਸ’ ਦੇ ਸੇਵਨ ਨਾਲ ਕਈ ਬੱਚਿਆਂ ਦੀ ਕਥਿਤ ਤੌਰ ‘ਤੇ ਮੌਤ ਹੋ ਗਈ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਬੱਚਿਆਂ ਨੂੰ ਸਾਹ ਦੀ ਬੀਮਾਰੀ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਪ੍ਰੈਸ ਰਿਪੋਰਟ ਵਿੱਚ ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਦੁਆਰਾ ਸ਼ੁਰੂਆਤੀ ਪ੍ਰਯੋਗਸ਼ਾਲਾ ਅਧਿਐਨਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਡੌਕ-1 ਮੈਕਸ ਸੀਰਪ ਵਿੱਚ ਐਥੀਲੀਨ ਗਲਾਈਕੋਲ – ਇੱਕ ਘਾਤਕ ਰਸਾਇਣ – ਦੀ ਮੌਜੂਦਗੀ ਦਰਸਾਈ ਗਈ ਹੈ। ਖਾਸ ਗੱਲ ਇਹ ਹੈ ਕਿ ਗਾਂਬੀਆ ‘ਚ ਬੱਚਿਆਂ ਦੀ ਮੌਤ ਲਈ ਵੀ ਇਸ ਕੈਮੀਕਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।
ਘਟਨਾ ਦੀ ਪੁਸ਼ਟੀ ਕਰਨ ਲਈ ਵਿਸ਼ਵ ਸਿਹਤ ਸੰਗਠਨ (WHO) ਨੂੰ ਭੇਜੀ ਗਈ ਇੱਕ ਮੇਲ ਦੇ ਜਵਾਬ ਵਿੱਚ, News18 ਨੇ ਦੱਸਿਆ ਕਿ ‘WHO ਉਜ਼ਬੇਕਿਸਤਾਨ ਵਿੱਚ ਸਿਹਤ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਅੱਗੇ ਦੀ ਜਾਂਚ ਵਿੱਚ ਸਹਾਇਤਾ ਲਈ ਤਿਆਰ ਹੈ।
ਜ਼ਿਕਰਯੋਗ ਹੈ ਕਿ ਨੇਪਾਲ ਨੇ 16 ਭਾਰਤੀ ਫਾਰਮਾਸਿਊਟੀਕਲ ਕੰਪਨੀਆਂ ਤੋਂ ਦਵਾਈਆਂ ਦੀ ਦਰਾਮਦ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਫਰੀਕੀ ਦੇਸ਼ਾਂ ‘ਚ ਖੰਘ ਦੇ ਸੀਰਪ (cough syrup) ਕਾਰਨ ਬੱਚਿਆਂ ਦੀ ਮੌਤ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਇਸ ਨਾਲ ਜੁੜੀਆਂ ਦਵਾਈਆਂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਸੀ।
ਵਿਸ਼ਵ ਸਿਹਤ ਸੰਗਠਨ ਦੇ ਅਲਰਟ ਤੋਂ ਬਾਅਦ ਨੇਪਾਲ ਨੇ 16 ਭਾਰਤੀ ਕੰਪਨੀਆਂ ਦੀਆਂ ਦਵਾਈਆਂ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ । ਨੇਪਾਲ ਡਰੱਗ ਰੈਗੂਲੇਟਰੀ ਅਥਾਰਟੀ ਦੁਆਰਾ ਜਾਰੀ ਇਸ ਸੂਚੀ ਵਿੱਚ ਕਈ ਵੱਡੀਆਂ ਭਾਰਤੀ ਦਵਾਈਆਂ ਦੀਆਂ ਕੰਪਨੀਆਂ ਸ਼ਾਮਲ ਹਨ। ਨੇਪਾਲ ਦੇ ਡਰੱਗ ਪ੍ਰਸ਼ਾਸਨ ਵਿਭਾਗ ਦੀ ਸੂਚੀ ਵਿੱਚ ਦਿਵਿਆ ਫਾਰਮੇਸੀ ਸਮੇਤ 16 ਭਾਰਤੀ ਦਵਾਈਆਂ ਦੀਆਂ ਕੰਪਨੀਆਂ ਸ਼ਾਮਲ ਹਨ।