‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਰਨਾਲ ‘ਚ ਕੱਲ੍ਹ ਕਿਸਾਨਾਂ ਦੇ ਧਰਨੇ ਅਤੇ ਮਿੰਨੀ ਸਕੱਤਰੇਤ ਦੇ ਘੇਰਾਓ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਜ਼ਿਲ੍ਹੇ ‘ਚ ਧਾਰਾ 144 ਲਾਗੂ ਕਰ ਦਿੱਤੀ ਹੈ।ਇਸ ਬਾਰੇ ਪ੍ਰਸ਼ਾਸਨ ਇਕ ਬਿਆਨ ਵੀ ਜਾਰੀ ਕੀਤਾ ਹੈ, ਜਿਸ ਬਿਆਨ ਮੁਤਾਬਕ ਜ਼ਿਲ੍ਹਾ ਪੁਲਿਸ ਮੁਖੀ ਗੰਗਾ ਰਾਮ ਪੂਨੀਆਂ ਦੀ ਅਮਨ- ਕਾਨੂੰਨ ਨੂੰ ਦੇਖਦਿਆਂ ਕੀਤੀ ਗਈ ਸਿਫ਼ਾਰਿਸ਼ ਦੇ ਅਧਾਰ ਉੱਤੇ ਡਿਪਟੀ ਕਮਿਸ਼ਨਰ ਨਿਸ਼ਾਤ ਕੁਮਾਰ ਯਾਦਵ ਨੇ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਹਨ।

ਜਿਲ੍ਹੇ ਵਿੱਚ ਇਸ ਧਾਰਾ ਦੇ ਲਾਗੂ ਹੋਣ ਨਾਲ ਇਸ ਖੇਤਰ ਵਿਚ 5 ਜਾਂ 5 ਤੋਂ ਵੱਧ ਵਿਅਕਤੀ ਇਕੱਠੇ ਨਹੀਂ ਹੋ ਸਕਣਗੇ।ਇਸ ਤੋਂ ਇਲਾਵਾ ਹੋਰ ਪਾਬੰਦੀਆਂ ਵੀ ਲਗਾਈਆਂ ਜਾਂਦੀਆਂ ਹਨ।
ਇਨ੍ਹਾਂ ਨਵੇਂ ਹੁਕਮਾਂ ਮੁਤਾਬਕ ਗੰਡਾਸੀ, ਕੁਹਾੜੀ, ਕਹੀ, ਫਾਲਾ ਅਤੇ ਲਾਠੀ ਵਰਗੇ ਹਥਿਆਰਾਂ ਨੂੰ ਲੈ ਕੇ ਚੱਲਣ ਉੱਤੇ ਵੀ ਪਾਬੰਦੀ ਲਗਾਈ ਗਈ ਹੈ।ਇਹ ਹੁਕਮ ਮੰਗਲਵਾਰ ਤੱਕ ਲਾਗੂ ਰਹਿਣਗੇ ਅਤੇ ਇਨ੍ਹਾਂ ਨੂੰ ਲਾਗੂ ਕਰਵਾਉਣਾ ਕਰਨਾਲ, ਅਸੰਧ,ਇੰਦਰੀ, ਘਰੌਂਡਾ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਵੇਗੀ।

ਪੁਲਿਸ ਪ੍ਰਸ਼ਾਸਨ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਧਾਰਾ ਦੇ ਤਹਿਤ ਕੇਸ ਦਰਜ ਹੋ ਸਕਦਾ ਹੈ। ਇਨ੍ਹਾਂ ਹੁਕਮਾਂ ਨੂੰ ਸੋਮਵਾਰ ਤੋਂ ਲਾਗੂ ਕਰ ਦਿੱਤਾ ਗਿਆ ਹੈ।

ਟ੍ਰੈਫਿਕ ਰੂਟ ਵੀ ਬਦਲੇ

ਕਰਨਾਲ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਦਿੱਲੀ ਤੋਂ ਹਰਿਆਣਾ ਆਉਣ ਵਾਲੇ ਵਾਹਨਾਂ ਨੂੰ ਪੈਪਸੀ ਪੁਲ ਪਾਨੀਪਤ ਤੋਂ ਮੂਨਕ, ਅਸੰਧ, ਗਗਸੀਨਾ ਰਾਹੀਂ ਕਰਨਾਲ ਦੇ ਹਾਂਸੀ ਚੌਕ ਬਾਈਪਾਸ ਨਹਿਰ ਤੋਂ ਹੁੰਦੇ ਹੋਏ ਜੀਟੀ ਰੋਡ 44 ਰਾਹੀਂ ਚੰਡੀਗਡ਼੍ਹ ਵੱਲ ਮੋੜਿਆ ਜਾਵੇਗਾ।ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨਾਂ ਨੂੰ ਪਿੱਪਲੀ ਚੌਕ ਕੁਰੂਕਸ਼ੇਤਰ ਤੋਂ ਇੰਦਰੀ,ਬਯਾਨਾ,ਕੁੰਜਪੁਰਾ ਤੋਂ ਹੁੰਦੇ ਹੋਏ ਅੰਮ੍ਰਿਤਪੁਰ ਖੁਰਦ ਕਹਿਰਵਾਲੀ ਅਤੇ ਘਰੌਂਡਾ ਦੇ ਜੀਟੀ ਰੋਡ ਰਾਹੀਂ ਦਿੱਲੀ ਵੱਲ ਰਵਾਨਾ ਕੀਤਾ ਜਾਵੇਗਾ।

ਕਰਨਾਲ ਵਿੱਚ ਪਿਛਲੇ ਦਿਨੀਂ ਹੋਇਆ ਸੀ ਕਿਸਾਨਾਂ ‘ਤੇ ਲਾਠੀਚਾਰਜ

ਪਿਛਲੇ ਦਿਨੀ ਕਰਨਾਲ ਵਿਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੌਰਾਨ ਕਈ ਕਿਸਾਨ ਗੰਭੀਰ ਜ਼ਖ਼ਮੀ ਹੋਏ ਸਨ, ਜਦਕਿ 11 ਕਿਸਾਨ ਹਿਰਾਸਤ ਵਿਚ ਲਏ ਗਏ ਸਨ। ਕਿਸਾਨਾਂ ਦੇ ਲਾਠੀਚਾਰਜ ਜ਼ਖ਼ਮੀ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਹਰਿਆਣਾ ਵਿਚ ਸੜ੍ਹਕਾਂ ਜਾਮ ਕਰਨ ਦਾ ਸੱਦਾ ਦਿੱਤਾ ਸੀ, ਜਿਸ ਕਾਰਨ ਹਿਰਾਸਤ ਵਿਚ ਲਏ ਕਿਸਾਨ ਸ਼ਾਮ ਨੂੰ ਰਿਹਾਅ ਕਰ ਦਿੱਤੇ ਗਏ ਸਨ।ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਜਖ਼ਮੀ ਹੋਏ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਧਰਨੇ ਦੌਰਾਨ ਕਥਿਤ ਤੌਰ ’ਤੇ ਮਾਰੇ ਗਏ ਕਿਸਾਨ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ।

ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਮੀਟਿੰਗ ਬੇਨਤੀਜਾ ਰਹੀ
ਸੋਮਵਾਰ ਨੂੰ ਕਿਸਾਨਾਂ ਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਮੀਟਿੰਗ ਹੋਈ ਜੋ ਬੇਨਤੀਜਾ ਸਾਬਿਤ ਹੋਈ। ਇਸ ਮੀਟਿੰਗ ਵਿੱਚ ਡੀਸੀ ਕਰਨਾਲ ਤੇ ਕਿਸਾਨਾਂ ਵੱਲੋਂ ਗੁਰਨਾਮ ਸਿੰਘ ਚਢੂਨੀ ਤੇ ਹੋਰ ਕਿਸਾਨ ਸ਼ਾਮਿਲ ਹੋਏ ਸਨ।ਮੀਟਿੰਗ ਮਗਰੋਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਕੇਵਲ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਨੌਕਰੀ ਦੇਣ ਲਈ ਰਾਜ਼ੀ ਹਨ। ਹੁਣ 7 ਸਿਤੰਬਰ ਨੂੰ ਕਿਸਾਨਾਂ ਦੀ ਮਹਾਪੰਚਾਇਤ ਕੀਤੀ ਜਾਵੇਗੀ।

ਕਿਸਾਨਾਂ ਵੱਲੋਂ ਕੋਈ ਹਿੰਸਾ ਨਹੀਂ ਕੀਤੀ ਜਾਵੇਗੀ। ਇਹ ਹੋ ਸਕਦਾ ਹੈ ਕਿ ਕੱਲ੍ਹ ਸਾਨੂੰ ਇਕੱਠਾ ਹੋਣ ਦਿੱਤਾ ਜਾਵੇ ਪਰ ਅਸੀਂ ਇਕੱਠੇ ਜ਼ਰੂਰ ਹੋਵਾਂਗੇ।ਇਸ ਤੋਂ ਪਹਿਲਾਂ ਗੁਰਨਾਮ ਸਿੰਘ ਚੜੂਨੀ ਨੇ ਵੀਡੀਓ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਕਰਨਾਲ ਦੀ ਅਨਾਜ ਮੰਡੀ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।ਉਹਨਾਂ ਨੇ ਕਿਹਾ ਕਿ ਕਰਨਾਲ ਵਿਖੇ ਹੋਏ ਲਾਠੀਚਾਰਜ ਤੋਂ ਬਾਅਦ ਕੀਤੀ ਗਈ ਪੰਚਾਇਤ ਵਿਚ ਫੈਸਲਾ ਕੀਤਾ ਗਿਆ ਸੀ ਕਿ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਕਿਸਾਨਾਂ ਨੂੰ ਅਪੀਲ ਹੈ ਕਿ ਉਹ ਕਰਨਾਲ ਦੀ ਨਵੀਂ ਅਨਾਜ ਮੰਡੀ ਵਿਖੇ ਪਹੁੰਚਣ।

Leave a Reply

Your email address will not be published. Required fields are marked *