International

ਚੀਨ ਦੇ ਹੇਨਾਨ ਸੂਬੇ ‘ਚ ਬੱਚਿਆਂ ਦੇ ਸਕੂਲ ‘ਚ ਅੱਗ ਲੱਗਣ ਕਾਰਨ 13 ਜਾਣਿਆਂ ਦੀ ਮੌਤ

13 people died in a fire at a children's school in China's Henan province

ਮੱਧ ਚੀਨ ਦੇ ਹੇਨਾਨ ਸੂਬੇ ‘ਚ ਇਕ ਸਕੂਲ ਦੇ ਹੋਸਟਲ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ। ਹਸਪਤਾਲ ‘ਚ ਇਕ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ, ਜਿਸ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਇਹ ਘਟਨਾ ਹੇਨਾਨ ਸੂਬੇ ਦੇ ਇਕ ਪਿੰਡ ‘ਚ ਸਥਿਤ ਛੋਟੇ ਬੱਚਿਆਂ ਦੇ ਸਕੂਲ ‘ਚ ਸ਼ੁੱਕਰਵਾਰ ਰਾਤ ਨੂੰ ਵਾਪਰੀ।

ਅੰਗਰੇਜ਼ੀ ਅਖਬਾਰ ‘ਚਾਈਨਾ ਡੇਲੀ’ ਮੁਤਾਬਕ ਇੱਕ ਨਿੱਜੀ ਸੰਸਥਾ ਵੱਲੋਂ ਚਲਾਏ ਜਾ ਰਹੇ ਇਹ ਸਕੂਲ ਨਰਸਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਲਈ ਹੈ। ਇਸ ਸਕੂਲ ਦੇ ਮੈਨੇਜਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਅੱਗ ‘ਚ ਮਾਰੇ ਗਏ ਲੋਕਾਂ ਦੀ ਪਛਾਣ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਸਕਿਆ ਹੈ।

ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਮਰਨ ਵਾਲਿਆਂ ਵਿੱਚ ਕਿੰਨੇ ਵਿਦਿਆਰਥੀ ਸਨ। ਇਸ ਘਟਨਾ ‘ਚ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ ਅਤੇ ਸਥਾਨਕ ਹਸਪਤਾਲ ‘ਚ ਇਲਾਜ ਅਧੀਨ ਹੈ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਚੀਨ ਦੇ ਲੋਕਾਂ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸਥਾਨਕ ਲੋਕਾਂ ਨੇ ਵੀ ਸਕੂਲ ਮੈਨੇਜਮੈਂਟ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਚੀਨ ਦੀ ਪੁਲਿਸ ਅਤੇ ਆਫ਼ਤ ਪ੍ਰਬੰਧਨ ਟੀਮ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸਕੂਲ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਿਨਹੂਆ ਮੁਤਾਬਕ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤੇ ਜਾਣ ਦੇ ਇਕ ਘੰਟੇ ਦੇ ਅੰਦਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਚੀਨ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। 26 ਨਵੰਬਰ ਨੂੰ ਸ਼ਾਂਕਸੀ ਸੂਬੇ ਦੇ ਲੁਲਿਯਾਂਗ ਸ਼ਹਿਰ ਵਿੱਚ ਇੱਕ ਦਫ਼ਤਰ ਵਿੱਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਸੀ।