The Khalas Tv Blog India ਪੰਜਾਬ ਸਰਕਾਰ ਸਿਰ ਪੀਜੀਆਈ ਦੀ 13 ਕਰੋੜ ਦੀ ਦੇਣਦਾਰੀ
India Punjab

ਪੰਜਾਬ ਸਰਕਾਰ ਸਿਰ ਪੀਜੀਆਈ ਦੀ 13 ਕਰੋੜ ਦੀ ਦੇਣਦਾਰੀ

‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) : ਪੀਜੀਆਈ ਨੇ ਜਦੋਂ ਭਾਰਤ ਆਯੂਸ਼ਮਾਨ ਸਕੀਮ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਬੰਦ ਕਰ ਦਿੱਤਾ ਸੀ ਤਾਂ ਸਰਕਾਰ ਦਾ ਪੂਰਾ ਲਾਣਾ ਤੜਫ਼ ਉੱਠਿਆ ਸੀ। ਪੰਜਾਬ ਸਰਕਾਰ ਨੇ ਉਦੋਂ ਸਿਰ ਚੜੀ 16 ਕਰੋੜ ਦੀ ਰਕਮ ਵਿੱਚੋਂ ਛੇ ਕਰੋੜ ਦੇ ਕੇ ਮਾਮਲੇ ਦੀ ਲਿਪਾ ਪੋਚੀ ਕਰ ਦਿੱਤੀ ਸੀ। ਹੁਣ ਪੰਜਾਬ ਸਿਰ ਪੀਜੀਆਈ ਦੀ ਸਾਢੇ ਤਿੰਨ ਕਰੋੜ ਦੀ ਦੇਣਦਾਰੀ ਖੜੀ ਹੋਣ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਪੀਜੀਆਈ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪੈਸੇ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿੱਚ ਇਲਾਜ ਦੀ ਸਹੂਲਤ ਬੰਦ ਕਰ ਦੇਣ ਦੀ ਚਿਤਾਵਨੀ ਦੇ ਦਿੱਤੀ ਹੈ। ਪੀਜੀਆਈ ਦੇ ਆਲਾ ਮਿਆਰੀ ਸੂਤਰਾਂ ਅਨੁਸਾਰ ਪੰਜਾਬ ਸਿਰ ਸਾਢੇ 13 ਕਰੋੜ ਦੀ ਦੇਣਦਾਰੀ ਚੜ ਗਈ ਹੈ ਜਿਸ ਵਿੱਚ ਆਯੂਸ਼ਮਾਨ ਸਕੀਮ ਦਾ 10 ਕਰੋੜ ਦਾ ਬਕਾਇਆ ਵੀ ਸ਼ਾਮਿਲ ਹੈ।

‘ਦ ਖ਼ਾਲਸ ਟੀਵੀ ਨੂੰ ਦਿੱਤੀ ਗਈ ਵਿਸ਼ੇਸ਼ ਜਾਣਕਾਰੀ ਅਨੁਸਾਰ ਪੀਜੀਆਈ ਦੇ ਸੂਤਰਾਂ ਦਾ ਇਹ ਦਾਅਵਾ ਹੈ ਕਿ ਪੰਜਾਬ ਸਰਕਾਰ ਨੇ 2015 ਵਿੱਚ ਸਿਰਫ਼ ਇੱਕ ਵਾਰ ਪੂਰਾ ਕਰਜ਼ਾ ਲਾਹਿਆ ਸੀ, ਨਹੀਂ ਤਾਂ ਚਿਤਾਵਨੀ ਦੇਣ ਤੋਂ ਬਾਅਦ ਅੱਧ ਪਚੱਧੀ ਦੇਣਦਾਰੀ ਦੇ ਕੇ ਡੰਗ ਟਪਾਈ ਕਰ ਲਈ ਜਾਂਦੀ ਹੈ। ਸਾਲ 2015 ਵਿੱਚ ਪੀਜੀਆਈ ਦੇ ਡਾਇਰੈਕਟਰ ਕੇਕੇ ਤਲਵਾੜ ਸਨ, ਜਿਹਨਾਂ ਦੀ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਵਾਹਵਾ ਸੁਰ ਰਲਦੀ ਸੀ। ਬਾਅਦ ਵਿੱਚ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਹੈਲਥ ਐਡਵਾਈਜ਼ਰ ਵੀ ਰਹੇ ਹਨ। ਹਰਿਆਣਾ ਸਰਕਾਰ ਸਿਰ ਪੀਜੀਆਈ ਦੀ ਦੇਣਦਾਰੀ ਕੇਵਲ ਸਵਾ ਕਰੋੜ ਦੀ ਹੈ। ਸੂਤਰ ਇਹ ਵੀ ਦਾਅਵਾ ਕਰਦੇ ਹਨ ਕਿ ਹਰਿਆਣਾ ਨੂੰ ਹਾਲੇ ਤੱਕ ਚਿਤਾਵਨੀ ਦੇਣ ਦੀ ਨੌਬਤ ਨਹੀਂ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੀਜੀਆਈ ਵਿੱਚ ਪੰਜਾਬ ਅਤੇ ਹਰਿਆਣਾ ਦੇ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਦਾ ਇਲਾਜ ਮੁਫ਼ਤ ਹੁੰਦਾ ਹੈ, ਜਿਨ੍ਹਾਂ ਦੀ ਪੋਸਟਿੰਗ ਚੰਡੀਗੜ੍ਹ ਵਿਖੇ ਹੈ। ਹਸਪਤਾਲ ਵਿੱਚ ਪੰਜਾਬ ਦੇ ਮੁਲਾਜ਼ਮਾਂ ਲਈ 18 ਅਤੇ ਹਰਿਆਣਾ ਦੇ ਮੁਲਾਜ਼ਮਾਂ ਲਈ 13 ਬੈੱਡ ਰਾਖਵੇਂ ਰੱਖੇ ਗਏ ਹਨ। ਪੀਜੀਆਈ ਵੱਲੋਂ ਇਨ੍ਹਾਂ ਬੈੱਡਾਂ ਦਾ ਕਿਰਾਇਆ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਵਸੂਲਿਆ ਜਾਂਦਾ ਹੈ। ਇਸ ਤੋਂ ਬਿਨਾਂ ਦਾਖਲ ਹੋਣ ਵਾਲੇ ਮੁਲਾਜ਼ਮਾਂ ਤੋਂ ਟੈਸਟਾਂ ਸਮੇਤ ਹੋਰ ਸਾਰਾ ਕੁਝ ਮੁਫ਼ਤ ਹੈ ਜਿਸਦਾ ਸਬੰਧ ਪੀਜੀਆਈ ਨਾਲ ਹੈ।

ਉਂਝ, ਪੀਜੀਆਈ ਵਿੱਚ ਦੋਹਾਂ ਸਰਕਾਰਾਂ ਦੇ ਮੁਲਾਜ਼ਮਾਂ ਲਈ ਰਾਖਵੇਂ ਕੀਤੇ ਬੈੱਡਾਂ ਵਿੱਚ ਖ਼ਾਲੀ ਵੀ ਰਹਿ ਜਾਂਦੇ ਹਨ ਪਰ ਰਾਖਵੇਂ ਬੈੱਡਾਂ ਤੋਂ ਵੱਧ ਮਰੀਜ਼ ਦਾਖਲ ਹੋ ਜਾਣ ਤਾਂ ਨਾਂਹ ਵੀ ਨਹੀਂ ਕੀਤੀ ਜਾਂਦੀ। ਪੰਜਾਬ ਸਰਕਾਰ ਦੇ ਸਿਰ ਸਾਢੇ ਤਿੰਨ ਕਰੋੜ ਦਾ ਕਰਜ਼ਾ ਖੜਾ ਹੋ ਗਿਆ ਹੈ। ਇਸ ਰਕਮ ਵਿੱਚ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਆਈਏਐੱਸ ਜਾਂ ਆਈਪੀਐੱਸ ਅਫ਼ਸਰਾਂ ਦੇ ਇਲਾਜ ਦਾ ਖ਼ਰਚਾ ਸ਼ਾਮਿਲ ਨਹੀਂ ਹੈ।

ਪੀਜੀਆਈ ਉੱਤਰੀ ਭਾਰਤ ਦੀ ਮੋਹਰੀ ਸਿਹਤ ਸੰਸਥਾ ਹੈ। ਇੱਥੋਂ ਦੀ ਓਪੀਡੀ ਵਿੱਚ ਹਰ ਰੋਜ਼ 10 ਤੋਂ 12 ਮਰੀਜ਼ ਆਉਂਦੇ ਹਨ। ਪੀਜੀਆਈ ਦੀ ਓਪੀਡੀ ਮੂਹਰੇ ਤੜਕੇ ਤਿੰਨ ਵਜੇ ਮਰੀਜ਼ਾਂ ਦੀ ਲੰਬੀ ਲਾਈਨ ਲੱਗ ਜਾਂਦੀ ਹੈ ਅਤੇ ਛੇ ਵਜੇ ਗੇਟ ਖੁੱਲਦਾ ਹੈ। ਪੀਜੀਆਈ ਵਿੱਚ ਬੈੱਡਾਂ ਦੀ ਗਿਣਤੀ 1480 ਹੈ, ਇਨ੍ਹਾਂ ਵਿੱਚੋਂ 1390 ਇਨਡੋਰ ਅਤੇ ਬਾਕੀ ਦੇ 85 ਆਬਜ਼ਰਵੇਸ਼ਨ ਲਈ ਰੱਖੇ ਗਏ ਹਨ।

ਪੀਜੀਆਈ ਵਿੱਚ ਦੋ ਦਰਜਨ ਦੇ ਕਰੀਬ ਵੱਡੇ ਅਤੇ ਛੋਟੇ ਆਪ੍ਰੇਸ਼ਨ ਥਿਏਟਰ ਹਨ ਅਤੇ ਇਨ੍ਹਾਂ ਵਿੱਚ ਟੇਬਲਾਂ ਦੀ ਗਿਣਤੀ 124 ਹੈ। ਸਾਲ ਵਿੱਚ 13800 ਦੇ ਕਰੀਬ ਮੇਜਰ ਅਤੇ 57700 ਦੇ ਕਰੀਬ ਮਾਈਨਰ ਆਪ੍ਰੇਸ਼ਨ ਕੀਤੇ ਜਾਂਦੇ ਹਨ। ਪੀਜੀਆਈ ਵਿੱਚ ਤਿੰਨ ਐਡਵਾਂਸ ਸੈਂਟਰ ਚੱਲ ਰਹੇ ਹਨ। ਇਨ੍ਹਾਂ ਵਿੱਚ ਐਡਵਾਂਸ ਆਈ ਸੈਂਟਰ, ਐਡਵਾਂਸ ਪਡੈਟਰਿਕ ਅਤੇ ਐਡਵਾਂਸ ਕਾਰਡਿਅਕ ਸੈਂਟਰ ਹਨ। ਇਸ ਤੋਂ ਬਿਨਾਂ ਸੰਗਰੂਰ ਵਿਖੇ 300 ਬੈੱਡ ਦਾ ਪੀਜੀਆਈ ਸੈਟੇਲਾਈਟ ਸੈਂਟਰ ਅਤੇ ਫਿਰੋਜ਼ਪੁਰ ਵਿੱਚ 150 ਬੈੱਡ ਦਾ ਸੈਟੇਲਾਈਟ ਸੈਂਟਰ ਚੱਲ ਰਿਹਾ ਹੈ।

ਪੀਜੀਆਈ ਦੇ ਵਿੱਤ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ‘ਦ ਖ਼ਾਲਸ ਟੀਵੀ ਨੂੰ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਉੱਤੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਸਾਢੇ 13 ਕਰੋੜ ਦੀਆਂ ਦੋਵਾਂ ਅਦਾਇਗੀਆਂ ਲਈ ਤਿੰਨ ਪੱਤਰ ਲਿਖੇ ਜਾ ਚੁੱਕੇ ਹਨ। ਉਨ੍ਹਾਂ ਨੇ ਹਲਕੇ ਫੁਲਕੇ ਅੰਦਾਜ਼ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੀ ਪੇਮੈਂਟ ਉਦੋਂ ਨਿਕਲਦੀ ਹੈ ਜਦੋਂ ਕੋਈ ਚੰਗਾ ਅਫ਼ਸਰ ਦਾਖ਼ਲ ਹੋਣ ਲਈ ਆ ਜਾਵੇ।

Exit mobile version