ਚੰਡੀਗੜ੍ਹ (ਪੁਨੀਤ ਕੌਰ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਨੇਤਾ ਸੁਮਿਤ ਸਿੰਘ ਮਾਨ ਨੇ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਉੱਤੇ 52 ਕਰੋੜ ਦਾ ਕਰਜ਼ਾ ਨਾ ਮੋੜਨ ਦਾ ਦੋਸ਼ ਲਾਇਆ ਹੈ। ਸੁਮਿਤ ਮਾਨ ਜਿਨ੍ਹਾਂ ਨੇ ਹਲਕਾ ਅਮਰਗੜ੍ਹ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੋਂ ਚੋਣ ਲੜੀ ਸੀ, ਨੇ ਡੈਬਿਟ ਰਿਕਵਰੀ ਟ੍ਰਿਬਿਊਨਲ ਦੇ ਫੈਸਲੇ ਦੀਆਂ ਕਾਪੀਆਂ ਦਿਖਾਉਂਦਿਆਂ ਕਿਹਾ ਕਿ ਉਸਨੂੰ ਕਰਜ਼ਾ ਨਾ ਮੋੜਨ ਲਈ ਦੋਸ਼ੀ ਠਹਿਰਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਗੱਜਣਮਾਜਰਾ ਦੇ ਘਰ ਪੈ ਰਹੇ ਛਾਪਿਆਂ ਦਾ ਸਬੰਧ ਬੈਂਕ ਤੋਂ ਲਏ ਕਰਜ਼ੇ ਨੂੰ ਨਾ ਮੋੜਨ ਦੇ ਨਾਲ ਜੋੜ ਕੇ ਦੇਖਿਆ ਜਾਣਾ ਬਣਦਾ ਹੈ।

ਨੌਜਵਾਨ ਕਾਂਗਰਸੀ ਨੇਤਾ ਨੇ ਦੋਸ਼ ਲਾਇਆ ਕਿ ਗੱਜਣਮਾਜਰਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਪੈਸੇ ਦੇ ਕੇ ਲਈ ਸੀ। ਉਨ੍ਹਾਂ ਨੇ ਕਾਂਗਰਸ ਨੂੰ ਹਰਾਉਣ ਲਈ ਭਾਜਪਾ ਅਤੇ ਆਪ ਦੇ ਰਲੇ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਕਾਰਪੋਰੇਟ ਘਰਾਣਿਆਂ ਦੀ ਪਿੱਠ ਉੱਤੇ ਖੜੀਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਵੀ ਹਮਲੇ ਕੀਤੇ।

ਉਨ੍ਹਾਂ ਦਾ ਕਹਿਣਾ ਸੀ ਕਿ ਮਾਨ ਦੀ ਸਰਕਾਰ ਪਿੰਡ ਦੀਆਂ ਸੱਥਾਂ ਵਿੱਚੋਂ ਨਹੀਂ, ਸਗੋਂ ਦਿੱਲੀ ਤੋਂ ਚੱਲਦੀ ਹੈ। ਉਨ੍ਹਾਂ ਦਾ ਇਹ ਵੀ ਦੋਸ਼ ਸੀ ਕਿ ਭਗਵੰਤ ਮਾਨ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਸਵੈ ਰੁਜ਼ਗਾਰ ਵੱਲ ਧੱਕਣ ਲੱਗੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਆਪ ਦੇ ਵਿਧਾਇਕ ਦੁੱਧ ਧੋਤੇ ਨਹੀਂ ਹਨ ਅਤੇ ਨਾ ਹੀ ਸਰਕਾਰ ਪੰਜਾਬ ਨੂੰ ਆਰਥਿਕ ਪੱਖੋਂ ਪੈਰਾਂ ਸਿਰ ਖੜੀ ਕਰਨ ਦੇ ਸਮਰੱਥ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕੁਰੱਪਸ਼ਨ ਦੇ ਖਿਲਾਫ਼ ਨਾਅਰਾ ਲੈ ਕੇ ਆਈ ਆਮ ਆਦਮੀ ਪਾਰਟੀ ਕੁਰੱਪਸ਼ਨ ਵਿੱਚ ਲਿਪਤ ਹੋ ਕੇ ਰਹਿ ਗਈ ਹੈ।