Punjab

ਸੂਬੇ ‘ਚ ਖੁੱਲ੍ਹਣਗੇ 116 ਹੋਰ ਸਕੂਲ ਆਫ਼ ਐਮੀਨੈਂਸ…

116 more schools of eminence will be opened in the state...

ਅੰਮ੍ਰਿਤਸਰ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 1600 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦਾ ਆਗਾਜ਼ ਕੀਤਾ ਹੈ। ਪੰਜਾਬ ਵਿੱਚ 116 ਹੋਰ ਸਕੂਲ ਆਫ਼ ਐਮੀਨੈਂਸਾਂ ਉੱਤੇ ਕੰਮ ਚੱਲ ਰਿਹਾ ਹੈ। ਸਰਕਾਰੀ ਸਕੂਲਾਂ ਦੀ 1123 ਕਿ.ਮੀ. ਚਾਰਦੀਵਾਰੀ ਦੀ ਮੁਰੰਮਤ ਅਤੇ ਨਿਰਮਾਣ ਲਈ 358 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਸਰਕਾਰੀ ਸਕੂਲਾਂ ਦੇ ਕਲਾਸਰੂਮ ਅਤੇ ਬੈਂਚਾਂ ਵਾਸਤੇ 25 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਜਾਣਗੇ।

ਬੈਂਸ ਨੇ ਕਿਹਾ ਕਿ 6837 ਨਵੇਂ ਪਖ਼ਾਨੇ ਬਣਾਉਣ ਅਤੇ ਪੁਰਾਣਿਆਂ ਦੀ ਮੁਰੰਮਤ ਲਈ 60 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ। ਸਰਕਾਰੀ ਸਕੂਲਾਂ ਵਿੱਚ ਆਧੁਨਿਕ ਕਲਾਸਰੂਮ ਬਣਾਉਣ ਲਈ 800 ਕਰੋੜ ਦੇ ਫੰਡ ਜਾਰੀ ਕੀਤੇ ਗਏ ਹਨ। ਸਰਕਾਰੀ ਸਕੂਲਾਂ ਵਿੱਚ ਪ੍ਰਸ਼ਾਸਨਿਕ ਕੰਮਾਂ ਲਈ 2042 ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ। ਸਰਕਾਰੀ ਸਕੂਲਾਂ ਦੇ 20,000 ਵਿਦਿਆਰਥੀਆਂ ਦੀ ਟਰਾਂਸਪੋਰਟ ਸੁਵਿਧਾ ਲਈ 21 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ।

ਸਾਫ਼ ਸਫ਼ਾਈ ਪ੍ਰਬੰਧਾਂ ਵਾਸਤੇ 8286 ਸਰਕਾਰੀ ਸਕੂਲਾਂ ਨੂੰ 3000 ਤੋਂ 50,000 ਰੁਪਏ ਤੱਕ ਦੇ ਫੰਡ ਜਾਰੀ ਕੀਤੇ ਗਏ ਹਨ। ਸਾਰੇ ਸਰਕਾਰੀ ਸਕੂਲਾਂ ਵਿੱਚ ਹਾਈ ਸਪੀਡ ਇੰਟਰਨੈੱਟ (ਵਾਈਫਾਈ) ਸਹੂਲਤ ਲਈ ਬੀਐੱਸਐਨਐੱਲ ਨਾਲ MoU ਸਹੀਬੱਧ ਕੀਤਾ ਗਿਆ ਹੈ ਅਤੇ 29 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਬਾਹਰੋਂ ਸਕੂਲਾਂ ਨੂੰ ਰੰਗ ਕਰਕੇ ਉੱਤੇ ਲਿਖ ਦਿੱਤਾ – ਸਮਾਰਟ ਸਕੂਲ। ਕੇਜਰੀਵਾਲ ਦਿੱਲੀ ਵਿੱਚ ਤਜ਼ਰਬੇ ਕਰਦੇ ਹਨ, ਅਸੀਂ ਉਸਦਾ ਪੰਜਾਬ ਵਿੱਚ ਫਾਇਦਾ ਉਠਾ ਲੈਂਦੇ ਹਾਂ। ਪੁਰਾਣੀਆਂ ਸਰਕਾਰਾਂ ਉੱਤੇ ਨਿਸ਼ਾਨਾ ਕਸਦਿਆਂ ਮਾਨ ਨੇ ਕਿਹਾ ਕਿ ਇਨ੍ਹਾਂ ਨੂੰ ਪੰਜਾਬੀ ਮੌਕਾ ਦੇ ਦੇ ਕੇ ਥੱਕ ਗਏ ਪਰ ਇਹ ਲੁੱਟ ਲੁੱਟ ਕੇ ਨਹੀਂ ਥੱਕੇ। ਇਹ ਕਹਿੰਦੇ ਹਨ ਕਿ ਇਨ੍ਹਾਂ ਦੀ ਸਰਕਾਰ ਨੂੰ ਕੋਈ ਤਜ਼ਰਬਾ ਨਹੀਂ ਹੈਗਾ, ਬਿਲਕੁਲ ਸਾਨੂੰ ਰੇਤੇ ਦੀਆਂ ਖੱਡਾਂ ਵਿੱਚ ਹਿੱਸਾ ਪਾਉਣ ਦਾ ਤਜ਼ਰਬਾ ਨਹੀਂ ਹੈ, ਸਾਨੂੰ ਟਰਾਂਸਪੋਰਟ ਵਿੱਚ ਲੋਕਾਂ ਦੀਆਂ ਮਿੰਨੀ ਬੱਸਾਂ ਖੋਹ ਕੇ ਆਪਣੀਆਂ ਬੱਸਾਂ ਬਣਾਉਣ ਦਾ ਕੋਈ ਤਜ਼ਰਬਾ ਨਹੀਂ, ਸਾਨੂੰ ਲੋਕਾਂ ਦੀ ਜਵਾਨੀ ਨੂੰ ਚਿੱਟੇ ਵਿੱਚ ਪਾਉਣ ਦਾ ਕੋਈ ਤਜ਼ਰਬਾ ਨਹੀਂ ਹੈ। ਸਾਨੂੰ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹਾਂ ਦੇ ਅੰਦਰ ਡੱਕਣ ਦਾ ਤਜ਼ਰਬਾ ਜ਼ਰੂਰ ਹੈ। ਇਹ ਸਾਡਾ ਕੀ ਮੁਕਾਬਲਾ ਕਰਨਗੇ, ਇਹ ਕਿਹੜੇ ਮੂੰਹ ਨਾਲ ਬੋਲ ਰਹੇ ਹਨ। ਅਸੀਂ ਵੀ ਹੌਲੀ ਹੌਲੀ ਸਾਰੇ ਸੱਚ ਬਾਹਰ ਕੱਢ ਰਹੇ ਹਨ। ਪੰਜਾਬ ਲੁੱਟਣ ਵਾਲਿਆਂ ਨੂੰ ਅਸੀਂ ਬਿਲਕੁਲ ਨਹੀਂ ਬਖਸ਼ਣਾ।

ਵਿਰੋਧੀਆਂ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਇਨ੍ਹਾਂ ਆਪ ਨੂੰ ਪੰਜਾਬੀ ਨਹੀਂ ਆਉਂਦੀ, ਸਾਡੇ ਧੀਆਂ ਪੁੱਤਾਂ ਦੀਆਂ ਨੌਕਰੀਆਂ ਉੱਤੇ ਸਵਾਲ ਚੁੱਕਦੇ ਹਨ।

ਅਮਰੀਕਾ ਵਾਲੇ ਮੰਗਲ ਉੱਤੇ ਪਲਾਟ ਕੱਟਣ ਨੂੰ ਫਿਰਦੇ ਆ ਤੇ ਅਸੀਂ ਸਕੂਲ ਦੀਆਂ ਚਾਰਦੀਵਾਰੀਆਂ ਉੱਤੇ ਹੀ ਅੜੇ ਹਾਂ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਨਵੀਂ ਸਿੱਖਿਆ ਕ੍ਰਾਂਤੀ ਆਈ ਹੈ। ਮੈਂ ਤੁਹਾਡੇ ਬੱਚਿਆਂ ਨੂੰ ਆਪਣਾ ਬੱਚਾ ਮੰਨਦਾ ਹਾਂ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਗਵੰਤ ਮਾਨ ਨੇ ਪੰਜਾਬ ਦੇ ਵਿਕਾਸ ਦੀ ਬਹੁਤ ਵੱਡੀ ਤਿਆਰੀ ਕੀਤੀ ਹੋਈ ਹੈ। ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਾਂਗੇ, ਪੰਜਾਬ ਵਿੱਚ ਸਾਰਿਆਂ ਨੂੰ ਮੁਫ਼ਤ ਸਿੱਖਿਆ, ਸਿਹਤ ਸਹੂਲਤਾਂ ਦੇਵਾਂਗੇ।