‘ਦ ਖ਼ਾਲਸ ਬਿਊਰੋ : ਮੱਧ ਪ੍ਰਦੇਸ਼ ਦੇ ਬੈਤੁਲ ਪਰਤਵਾੜਾ ਰੋਡ ‘ਤੇ ਬੱਸ ਅਤੇ ਗੱਡੀ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟਵੇਰਾ ਵਿੱਚ ਸਵਾਰ 11 ਲੋਕਾਂ ਦੀ ਮੌਤ ਹੋ ਗਈ। 7 ਦੀ ਲਾਸ਼ ਨੂੰ ਤੁਰੰਤ ਬਾਹਰ ਕੱਢਿਆ ਗਿਆ। ਬਾਕੀ 4 ਲੋਕਾਂ ਦੀਆਂ ਲਾਸ਼ਾਂ ਗੱਡੀ ਕੱਟ ਕੇ ਕੱਢੀਆਂ ਗਈਆਂ। ਘਟਨਾ ਰਾਤ ਦੇ ਕਰੀਬ 2 ਵਜੇ ਵਾਪਰੀ ਹੈ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਪੁਲਿਸ ਮੁਤਾਬਕ ਸਾਰੇ ਮ੍ਰਿਤਕ ਮਜ਼ਦੂਰ ਜਾਪਦੇ ਹਨ। ਇਹ ਘਟਨਾ ਝੱਲਰ ਥਾਣੇ ਤੋਂ ਇਕ ਕਿਲੋਮੀਟਰ ਦੂਰ ਗੁੜਗਾਓਂ ਨੇੜੇ ਵਾਪਰੀ।
ਹਾਲੇ 27 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਹੰਡੀਆ ਟੋਲ ਪਲਾਜ਼ਾ ਨੇੜੇ ਵੀ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਸੀ। ਇੱਕ ਗੱਡੀ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਹਾਦਸੇ ‘ਚ 4 ਔਰਤਾਂ ਅਤੇ 1 ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ ਜਦਕਿ ਹਾਦਸੇ ‘ਚ 5 ਲੋਕ ਗੰਭੀਰ ਜ਼ਖਮੀ ਹੋ ਗਏ ਸਨ।
14 ਅਕਤੂਬਰ ਨੂੰ ਵੀ ਸੁਲਤਾਨਪੁਰ ਜ਼ਿਲੇ ਦੇ ਹਲਿਆਪੁਰ ਥਾਣਾ ਖੇਤਰ ‘ਚ ਲਖਨਊ ਤੋਂ ਗਾਜ਼ੀਪੁਰ ਜਾਣ ਵਾਲੇ 304 ਕਿਲੋਮੀਟਰ ਲੰਬੇ ਪੂਰਵਾਂਚਲ ਐਕਸਪ੍ਰੈੱਸ ਵੇਅ ‘ਤੇ ਇਕ ਹਾਦਸੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਪੂਰਵਾਂਚਲ ਐਕਸਪ੍ਰੈਸਵੇਅ ‘ਤੇ ਸੁਲਤਾਨਪੁਰ ਵੱਲ ਜਾ ਰਹੀ ਇੱਕ BMW ਕਾਰ ਨੂੰ ਲਖਨਊ ਤੋਂ ਆ ਰਹੇ ਕੰਟੇਨਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ‘ਚ ਕਾਰ ‘ਚ ਸਵਾਰ ਚਾਰੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਾਰ ਦੇ ਪਰਖੱਚੇ ਉੱਡ ਗਏ ਸਨ।