Punjab

ਲੁਟੇਰਿਆਂ ਦੇ ਨਿਸ਼ਾਨੇ ‘ਤੇ ਆਇਆ NRI ਪਰਿਵਾਰ , ਸੋਨਾ ਲੁੱਟ ਬਜ਼ੁਰਗ ਮਹਿਲਾ ਨਾਲ ਕੀਤਾ ਇਹ ਕਾਰਾ

The robbers targeted the NRI couple, robbed the gold and killed the woman

ਬਰਨਾਲਾ : ਭਾਵੇਂ ਪੰਜਾਬ ਸਰਕਾਰ ਰੋਜ਼ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਸਰਕਾਰ ਦੇ ਸੱਤ ਮਹੀਨੇ ਬੀਤ ਜਾਣ ਮਗਰੋਂ ਵੀ ਸੂਬੇ ਦੀ ਕਾਨੂੰਨ ਵਿਵਸਥਾ ਰੱਬ ਆਸਰੇ ਹੀ ਜਾਪਦੀ ਹੈ। ਲੁੱਟਾਂ-ਖੋਹਾਂ, ਸ਼ਰੇਆਮ ਫਾਈਰਿੰਗ ਅਤੇ ਕਤਲ ਵਰਗੇ ਗੰਭੀਰ ਅਪਰਾਧਾਂ ਦੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਅਪਰਾਧੀ ਬੇਖੌਫ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਨੇ ਇਕ NRI ਪਰਿਵਾਰ ਨੂੰ ਨਿਸ਼ਾਨਾ ਬਣਾਇਆ ਹੈ।

ਲੁਟੇਰਿਆਂ ਨੇ ਇਕ ਘਰ ਵਿੱਚ ਦਾਖ਼ਲ ਹੋ ਕੇ ਇਕ ਔਰਤ ਦੀ ਹੱਤਿਆ ਕਰ ਦਿੱਤੀ, ਜਿਸ ਦੀ ਪਛਾਣ ਅਮਰਜੀਤ ਕੌਰ (80 ਸਾਲਾ) ਪਤਨੀ ਲਛਮਣ ਸਿੰਘ ਝੱਮਟ ਵਜੋਂ ਹੋਈ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ 22 ਤੋਲੇ ਸੋਨਾ ਲੁੱਟ ਕੇ ਫਰਾਰ ਹੋ ਗਏ।

ਜਾਣਕਾਰੀ ਅਨੁਸਾਰ ਇਹ ਮਕਾਨ ਮਾਸਟਰ ਲਛਮਣ ਸਿੰਘ ਝੱਮਟ ਦਾ ਹੈ ਅਤੇ ਉਹ 23 ਸਾਲਾਂ ਤੋਂ ਕੈਨੇਡਾ ’ਚ ਰਹਿ ਰਹੇ ਹਨ ਅਤੇ ਹਰ ਸਾਲ ਸ਼ਹਿਣਾ ਆਉਂਦੇ ਹਨ। ਉਹ ਹਾਲੇ ਇੱਕ ਮਹੀਨਾ ਪਹਿਲਾਂ ਹੀ ਇਥੇ ਆਏ ਸਨ। ਲੁਟੇਰਿਆਂ ਨੇ ਲਛਮਣ ਸਿੰਘ ਨੂੰ ਜ਼ਖ਼ਮੀ ਕਰ ਕੇ ਗੁਸਲਖਾਨੇ ’ਚ ਬੰਦ ਕਰ ਦਿੱਤਾ ਗਿਆ ਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਘਟਨਾ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਐੱਸਪੀ (ਐੱਚ) ਜਸਦੇਵ ਸਿੰਘ, ਡੀਐੱਸਪੀ ਰਾਵਿੰਦਰ ਸਿੰਘ ਰੰਧਾਵਾ, ਥਾਣਾ ਸ਼ਹਿਣਾ ਦੇ ਐਸਐਚਓ ਜਗਦੇਵ ਸਿੰਘ ਵੱਡੀ ਪੁਲਿਸ ਫੋਰਸ ਸਮੇਤ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਡਾਗ ਸਕੁਐਡ ਅਤੇ ਫਿੰਗਰ ਪ੍ਰਿੰਟ ਮਾਹਿਰ ਵੀ ਬੁਲਾਏ ਹਨ, ਜਿਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ਦੇ ਮਾਲਕ ਲਛਮਣ ਸਿੰਘ ਝੱਮਟ ਨੇ ਦੱਸਿਆ ਕਿ ਲੁਟੇਰੇ ਘਰ ਦੇ ਪਿਛਲੇ ਪਾਸੇ ਤੋਂ ਘਰ ’ਚ ਦਾਖਲ ਹੋਏ ਸਨ। ਲੁਟੇਰਿਆਂ ਦੀ ਗਿਣਤੀ ਛੇ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਘਰ ਵਿੱਚ ਸਿਰਫ ਪਤੀ-ਪਤਨੀ ਹੀ ਰਹਿ ਰਹੇ ਸਨ ਅਤੇ ਬਾਕੀ ਪਰਿਵਾਰ ਕੈਨੇਡਾ ’ਚ ਹੈ।

ਪੀੜਤ ਐਨਆਰਆਈ ਬਜ਼ੁਰਗ ਮੁਤਾਬਿਕ ਲੁਟੇਰੇ ਉਸਨੂੰ ਬੰਨ੍ਹ ਕੇ ਕਰੀਬ ਅੱਧਾ ਘੰਟਾ ਕਹਿਰ ਮਚਾਉਂਦੇ ਰਹੇ।ਬਜ਼ੁਰਗ ਮਹਿਲਾ ਦੀ ਹੱਤਿਆ ਤੇ ਲੁੱਟ ਦੀ ਘਟਨਾ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਜ਼ਿਲ੍ਹੇ ‘ਚ ਲਗਾਤਾਰ ਲੁੱਟ ਅਤੇ ਚੋਰੀ ਦੀ ਘਟਨਾਵਾਂ ਹੋ ਵਾਪਰ ਰਹੀਆਂ ਹਨ।