Punjab

10ਵੀਂ ਦੀਆਂ ਬੋਰਡ ਪ੍ਰੀਖਿਆਵਾਂ 4 ਮਈ ਤੇ 12ਵੀਂ ਦੀਆਂ ਹੋਣਗੀਆਂ 20 ਅਪ੍ਰੈਲ ਤੋਂ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਵਿੱਚ ਬਦਲਾਅ ਕਰ ਦਿੱਤਾ ਹੈ। ਸਿੱਖਿਆ ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਪੰਜਵੀਂ ਅਤੇ ਅੱਠਵੀਂ ਦੀਆਂ ਪ੍ਰੀਖਿਆਵਾਂ ਨਿਰਧਾਰਤ ਡੇਟਸ਼ੀਟ ਅਨੁਸਾਰ ਹੀ ਹੋਣਗੀਆਂ, ਜਦਕਿ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 20 ਅਪ੍ਰੈਲ ਤੋਂ ਅਤੇ ਦਸਵੀਂ ਦੀਆਂ 4 ਮਈ ਤੋਂ ਆਯੋਜਿਤ ਹੋਣਗੀਆਂ।

ਸਕੂਲ ਸਿੱਖਿਆ ਵਿਭਾਗ ਨੇ ਸਮੂਹ ਬੋਰਡ ਅਤੇ ਗ਼ੈਰ-ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਕੋਵਿਡ-19 ਹਦਾਇਤਾਂ ਦੀ ਪਾਲਣਾ ਕਰਦਿਆਂ ਸਕੂਲਾਂ ਵਿੱਚ ਆਫ਼ਲਾਈਨ ਕਰਵਾਉਣ ਦਾ ਫ਼ੈਸਲਾ ਲਿਆ ਹੈ। ਘਰੇਲੂ ਪ੍ਰੀਖਿਆਵਾਂ ਦੀ ਸ਼ੁਰੂਆਤ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਨਾਲ ਹੋਵੇਗੀ। ਅੱਜ ਪ੍ਰੀਖਿਆਵਾਂ ਦੀ ਸ਼ੁਰੂਆਤ ਪੰਜਵੀਂ ਜਮਾਤ ਦੀ ਪ੍ਰੀਖਿਆ ਨਾਲ ਹੋ ਗਈ ਹੈ। ਇਸ ਪ੍ਰੀਖਿਆ ਵਿੱਚ ਅਪੀਅਰ ਹੋਣ ਵਾਲੇ 3.21 ਲੱਖ ਵਿਦਿਆਰਥੀਆਂ ਲਈ 18,080 ਪ੍ਰੀਖਿਆ ਕੇਂਦਰ ਬਣਾਏ ਗਏ ਹਨ।  ਅੱਜ ਪਹਿਲੀ ਭਾਸ਼ਾ, ਕੱਲ੍ਹ ਨੂੰ ਅੰਗਰੇਜ਼ੀ, 18 ਨੂੰ ਦੂਜੀ ਭਾਸ਼ਾ, 19 ਨੂੰ ਵਾਤਾਵਰਨ, 22 ਨੂੰ ਗਣਿਤ ਤੇ 23 ਨੂੰ ਸਵਾਗਤ ਜ਼ਿੰਦਗੀ ਵਿਸ਼ੇ ਦੀ ਪ੍ਰੀਖਿਆ ਹੋਵੇਗੀ। ਉਨ੍ਹਾਂ ਦੱਸਿਆ ਕਿ 24 ਤੋਂ 27 ਮਾਰਚ ਤਕ ਪ੍ਰਯੋਗੀ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ।