Punjab

10 ਸਾਲ ਦੇ ਪ੍ਰਭਨੂਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ ਕਿਹੜੀ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਾਂ ਸ਼ਹਿਰ ਦੇ ਪਿੰਡ ਭੀਣ ਦੇ 10 ਸਾਲਾ ਬੱਚੇ ਪ੍ਰਭਨੂਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਈਮੇਲ ਕਰਕੇ ਮੱਤੇਵਾੜਾ ਜੰਗਲ ਸਬੰਧੀ ਅਪੀਲ ਕੀਤੀ ਹੈ। ਪ੍ਰਭਨੂਰ ਸਿੰਘ ਨਵਾਂਸ਼ਹਿਰ ਦੇ ਸ਼ਿਵਾਲਿਕ ਪਬਲਿਕ ਸਕੂਲ ਵਿੱਚ ਪੰਜਵੀਂ ਕਲਾਸ ਵਿੱਚ ਪੜ੍ਹਦਾ ਹੈ। ਪ੍ਰਭਨੂਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਇੱਕ ਸੁਹਿਰਦ ਮੁੱਖ ਮੰਤਰੀ ਹੋ ਅਤੇ ਅਸੀਂ ਤੁਹਾਡੇ ਤੋਂ ਚੰਗੀਆਂ ਨੀਤੀਆਂ ਅਤੇ ਚੰਗੇ ਹੁਕਮਾਂ ਦੀ ਉਮੀਦ ਕਰਦੇ ਹਾਂ। ਪ੍ਰਭਨੂਰ ਸਿੰਘ ਨੇ ਕਿਹਾ ਕਿ ਬੇੱਸ਼ਕ ਸਾਡੀ ਗੈਰ-ਜ਼ਿੰਮਾਵਾਰੀ ਕਾਰਨ ਪਾਣੀ ਦੀ ਹੋ ਰਹੀ ਦੁਰ-ਵਰਤੋਂ ਅਤੇ ਬਰਬਾਦੀ ਕਾਰਨ ਪੰਜਾਬ ਬੜੀ ਤੇਜੀ ਦੇ ਨਾਲ ਉਜਾੜੇ ਵੱਲ ਵੱਧ ਰਿਹਾ ਹੈ ਅਤੇ ਜੋ ਪਾਣੀ ਬਚਿਆ ਹੈ, ਉਸਨੂੰ ਵੱਡੇ ਉਦਯੋਗਪਤੀ ਦਰਿਆਵਾਂ ਵਿੱਚ ਕੈਮੀਕਲ ਮਿਲਾ ਕੇ ਖਰਾਬ ਕਰ ਰਹੇ ਹਨ, ਜਿਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ।

ਉਸਨੇ ਕੈਪਟਨ ਨੂੰ ਹਲੂਣਾ ਦਿੰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਤੁਹਾਡੇ ਰੁਝੇਵਿਆਂ ਕਰਕੇ ਕੋਈ ਚੰਗੀ ਨੀਤੀ ਬਣਾਉਣ ਦਾ ਸਮਾਂ ਨਾ ਮਿਲਿਆ ਹੋਵੇ ਪਰ ਹੁਣ ਮੈਂ ਸੁਣਿਆ ਹੈ ਕਿ ਪੰਜਾਬ ਵਿੱਟ ਸਾਢੇ ਤਿੰਨ ਪ੍ਰਤੀਸ਼ਤ ਜੰਗਲ ਦੇ ਇਲਾਕੇ, ਜੋ ਕਿਸੇ ਸਮੇਂ 70 ਪ੍ਰਤੀਸ਼ਤ ਹੁੰਦੇ ਸੀ, ਉਸ ਵਿੱਚ ਤੁਸੀਂ ਮੱਤੇਵਾੜਾ ਜੰਗਲ ਦੇ ਵਿੱਚ ਇੱਕ ਇੰਡਸਟਰੀਅਲ ਪਾਰਕ ਬਣਾਉਣ ਦਾ ਫੈਸਲਾ ਕੀਤਾ ਹੈ। ਪ੍ਰਭਨੂਰ ਸਿੰਘ ਨੇ ਅਪੀਲ ਕਰਦਿਆਂ ਕਿਹਾ ਕਿ ਜੇ ਤੁਸੀਂ ਇਨ੍ਹਾਂ ਜੰਗਲਾਂ ਦੇ ਵੱਟੇ ਸਾਨੂੰ ਕੋਈ ਵਿਕਾਸ ਦੇਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਇੰਨੀ ਮਹਿੰਗੀ ਕੀਮਤ ‘ਤੇ ਸਾਡੇ ਭਵਿੱਖ ਲਈ ਕੋਈ ਮਾੜਾ ਫੈਸਲਾ ਨਾ ਲਉ।

ਪ੍ਰਭਨੂਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਰਣਨ ਕਰਦਿਆਂ ਕਿਹਾ ਕਿ ਤੁਸੀਂ ਉਨ੍ਹਾਂ ਵਰਗੇ ਨਹੀਂ ਹੋ, ਜੋ ਸਾਡੇ ਦੇਸ਼ ਦੀ ਕਿਸਾਨੀ ਉਜਾੜਨ ਵਿੱਚ ਲੱਗੇ ਹੋਏ ਹਨ। ਪੰਜਾਬ ਦੇ ਸਾਰੇ ਬੱਚੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਕੁੱਝ ਕੁ ਵਸੀਲੇ ਬਚੇ ਰਹਿਣ ਦਿਉ। ਮੈਨੂੰ ਪੂਰੀ ਆਸ ਹੈ ਕਿ ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰੋਗੇ।

ਕੀ ਹੈ ਮੱਤੇਵਾੜਾ ਜੰਗਲ ਦਾ ਮੁੱਦਾ ?

ਪੰਜਾਬ ਸਰਕਾਰ ਦੀ ਪ੍ਰਸਤਾਵਿਤ ਉਦਯੋਗਿਕ ਨੀਤੀ ਦੇ ਕਾਰਨ ਇਸ ਜੰਗਲ ਦੀ ਹੋਂਦ ਨੂੰ ਖ਼ਤਰਾ ਹੋ ਸਕਦਾ ਹੈ। ਪੰਜਾਬ ਸਰਕਾਰ ਨੇ 3200 ਕਰੋੜ ਰੁਪਏ ਦੀ ਲਾਗਤ ਨਾਲ 2 ਹਜ਼ਾਰ ਏਕੜ ਸਰਕਾਰੀ ਅਤੇ ਪੰਚਾਇਤੀ ਜ਼ਮੀਨ ‘ਤੇ ਆਧੁਨਿਕ ਉਦਯੋਗਿਕ ਪਾਰਕ ਅਤੇ ਏਕੀਕ੍ਰਿਤ ਉਤਪਾਦਨ ਕਲੱਸਟਰ ਲੁਧਿਆਣਾ ਦੇ ਨੇੜੇ ਮੱਤੇਵਾੜਾ ਜੰਗਲ ਵਿੱਚ ਸਥਾਪਤ ਕਰਨ ਲਈ ਪ੍ਰਵਾਨਗੀ ਦਿੱਤੀ ਸੀ। ਮੱਤੇਵਾੜਾ ਅਤੇ ਇਸ ਦੇ ਆਸ-ਪਾਸ ਦੇ ਪਿੰਡ ਅਤੇ ਵਾਤਾਵਰਨ ਪ੍ਰੇਮੀ ਪ੍ਰਸਤਾਵਿਤ ਉਦਯੋਗਿਕ ਪਾਰਕ ਨੂੰ ਲੈ ਕੇ ਚਿੰਤਾ ਵਿੱਚ ਹਨ।

ਕੀ ਹੋਵੇਗਾ ਨੁਕਸਾਨ ?

ਮੱਤੇਵਾੜਾ ਜੰਗਲ ਵਿਖੇ ਸਥਾਪਤ ਹੋਣ ਵਾਲਾ ਆਧੁਨਿਕ ਉਦਯੋਗਿਕ ਪਾਰਕ 955.6 ਏਕੜ ਜ਼ਮੀਨ ਉੱਤੇ ਸਥਾਪਤ ਹੋਣਾ ਹੈ, ਜਿਸ ਵਿੱਚੋਂ 207.07 ਏਕੜ ਪਸ਼ੂ ਪਾਲਣ ਵਿਭਾਗ ਨਾਲ ਸਬੰਧਿਤ ਹੈ ਅਤੇ 285.1 ਏਕੜ ਮੁੜ ਵਸੇਬਾ ਵਿਭਾਗ (ਆਲੂ ਬੀਜ ਫਾਰਮ), 416.1 ਏਕੜ ਗਰਾਮ ਪੰਚਾਇਤ ਸੇਖੋਵਾਲ, 27.1 ਏਕੜ ਗ੍ਰਾਮ ਪੰਚਾਇਤ ਸਲੇਮਪੁਰ (ਆਲੂ ਬੀਜ ਫਾਰਮ) ਅਤੇ 20.3 ਏਕੜ ਗਰਾਮ ਪੰਚਾਇਤ ਸੈਲਕਲਾਂ ਦੀ ਹੈ। ਵਾਤਾਵਰਨ ਪ੍ਰੇਮੀ ਗੰਗਵੀਰ ਸਿੰਘ ਰਾਠੌਰ ਦਾ ਕਹਿਣਾ ਹੈ ਕਿ ਸਰਕਾਰ ਨੇ ਬੇਸ਼ੱਕ ਸਪੱਸ਼ਟ ਕੀਤਾ ਹੈ ਕਿ ਉਦਯੋਗਿਕ ਪਾਰਕ ਜੰਗਲ ਅਧੀਨ ਰਕਬੇ ਵਿੱਚ ਨਹੀਂ ਲਗਾਇਆ ਜਾ ਰਿਹਾ ਹੈ ਪਰ ਜਿਸ ਜ਼ਮੀਨ ਉੱਤੇ ਇਹ ਉਸਾਰਿਆ ਜਾ ਰਿਹਾ ਹੈ, ਉਹ ਸਤਲੁਜ ਦਰਿਆ ਦੇ ਨੇੜੇ ਪੈਂਦੀ ਹੈ।

ਉਨ੍ਹਾਂ ਕਿਹਾ ਕਿ ਇੰਡਸਟਰੀ ਅਤੇ ਆਬਾਦੀ ਆਉਣ ਨਾਲ ਸਤਲੁਜ ਦਰਿਆ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਵਧੇਗਾ। ਉਨ੍ਹਾਂ ਸਵਾਲ ਕੀਤਾ ਕਿ ਪਹਿਲਾਂ ਫੋਕਲ ਪੁਆਇੰਟਾਂ ਦੇ ਨਾਮ ਉੱਤੇ ਸਰਕਾਰ ਨੇ ਜ਼ਮੀਨਾਂ ਐਕਵਾਇਰ ਕੀਤੀਆਂ ਸਨ, ਉੱਥੇ ਕਿੰਨੀ ਇੰਡਸਟਰੀ ਆਈ ਇਹ ਦੇਖ ਲੈਣਾ ਚਾਹੀਦਾ ਹੈ। ਗੰਗਵੀਰ ਮੁਤਾਬਕ ਸੇਖੋਵਾਲ ਪਿੰਡ, ਜਿਸ ਦੀ ਸਭ ਤੋਂ ਜ਼ਿਆਦਾ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ, ਉੱਥੇ ਜ਼ਿਆਦਾਤਰ ਆਬਾਦੀ ਦਲਿਤ ਭਾਈਚਾਰੇ ਦੀ ਹੈ ਅਤੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਖੇਤੀਬਾੜੀ ਨਾਲ ਚੱਲਦਾ ਹੈ। ਜੇਕਰ ਜ਼ਮੀਨ ਨਹੀਂ ਹੋਵੇਗੀ ਤਾਂ ਇਨ੍ਹਾਂ ਲੋਕਾਂ ਦਾ ਕੀ ਹੋਵੇਗਾ, ਇਹ ਅਜੇ ਸਪੱਸ਼ਟ ਨਹੀਂ ਹੈ।

ਜਦੋਂ ਮੁੱਦੇ ਨੇ ਕੱਟਿਆ ਸਿਆਸੀ ਮੋੜ

ਆਮ ਆਦਮੀ ਪਾਰਟੀ ਪੰਜਾਬ ਨੇ ਲੁਧਿਆਣਾ ਦੇ ਪਿੰਡ ਸੇਖੋਵਾਲ ਦੀ ਜ਼ਮੀਨ ਦੇ ਮਸਲੇ ਨੂੰ ਲੈ ਕੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਰਬਾਰ ‘ਚ ਪਹੁੰਚ ਕੀਤੀ ਸੀ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸੂਬਾ ਕੋਰ ਕਮੇਟੀ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੇ ਸਮਰਥਨ ਪੱਤਰ ਨਾਲ ਕੌਮੀ ਐੱਸਸੀ ਕਮਿਸ਼ਨ ਨੂੰ ਪੱਤਰ ਲਿਖਿਆ ਸੀ। ਪੱਤਰ ਵਿੱਚ ਕਿਹਾ ਗਿਆ ਸੀ ਕਿ ਸਨਅਤੀ ਪ੍ਰੋਜੈਕਟਾਂ ਦੇ ਨਾਂ ‘ਤੇ ਸੇਖੋਵਾਲ ਪਿੰਡ ਦੀ ਦਲਿਤ ਆਬਾਦੀ ਦਾ ਪੂਰਨ ਰੂਪ ‘ਚ ਕੀਤਾ ਜਾ ਰਿਹਾ ਉਜਾੜਾ ਰੋਕਿਆ ਜਾਵੇ। ਇਸ ਚਿੱਠੀ ਦੀ ਇੱਕ ਕਾਪੀ ਐੱਸਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਨੂੰ ਵੀ ਭੇਜੀ ਗਈ ਸੀ।

ਕੈਪਟਨ ਦੀ ਦਲੀਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਅਤੀ ਪਾਰਕ ਦੇ ਨਾਮ ਉੱਤੇ ਮੱਤੇਵਾਲ ਦੇ ਜੰਗਲ ਨਾ ਉਜਾੜਨ ਦੀ ਗੱਲ ਸਪੱਸ਼ਟ ਕੀਤੀ ਸੀ। ਕੈਪਟਨ ਨੇ ਮੱਤੇਵਾੜਾ ਜੰਗਲ ਦੇ ਉਜਾੜੇ ਬਾਰੇ ਸਾਹਮਣੇ ਆ ਰਹੀਆਂ ਰਿਪੋਰਟਾਂ ਨੂੰ ਪੂਰੀ ਤਰਾਂ ਰੱਦ ਕਰਦਿਆਂ ਐਲਾਨ ਕੀਤਾ ਸੀ ਕਿ ਜੰਗਲ ਦਾ ਇੱਕ ਵੀ ਰੁੱਖ ਨਹੀਂ ਪੁੱਟਿਆ ਜਾਵੇਗਾ ਅਤੇ ਨਾ ਹੀ ਉਦਯੋਗਿਕ ਪਾਰਕ ਦੇ ਵਿਕਾਸ ਲਈ ਸਰਕਾਰ ਵੱਲੋਂ ਜੰਗਲ ਦੀ ਇੱਕ ਇੰਚ ਵੀ ਜ਼ਮੀਨ ਲਈ ਜਾਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਸੀ ਕਿ ਸਰਕਾਰ ਨੇ ਪਸ਼ੂ ਪਾਲਣ ਵਿਭਾਗ, ਬਾਗਬਾਨੀ ਵਿਭਾਗ ਅਤੇ ਗ੍ਰਾਮ ਪੰਚਾਇਤ ਦੀ 955 ਏਕੜ ਜ਼ਮੀਨ ਲਈ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਐਕੁਵਾਇਰ ਕੀਤੀ ਜ਼ਮੀਨ ਵਿੱਚ ਮੱਤੇਵਾੜਾ ਜੰਗਲ ਦੇ 2300 ਏਕੜ ਵਿੱਚੋਂ ਇੱਕ ਇੰਚ ਜ਼ਮੀਨ ਵੀ ਸ਼ਾਮਲ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਖਦਸ਼ਿਆਂ ਕਿ ਉਦਯੋਗਿਕ ਪਾਰਕ ਦੀ ਰਹਿੰਦ-ਖੂੰਹਦ ਸਤਲੁਜ ਦਰਿਆ ਵਿੱਚ ਪਾ ਦਿੱਤੀ ਜਾਵੇਗੀ, ਨੂੰ ਦੂਰ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੇ ਤਾਜ਼ਾ ਨੇਮਾਂ ਮੁਤਾਬਕਾਂ ਆਧੁਨਿਕ ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਉਦਯੋਗਿਕ ਪਾਰਕ ਨੂੰ ਵਿਕਸਤ ਕਰਨ ਦਾ ਉਦੇਸ਼ ਆਲਾ ਦਰਜੇ ਦਾ ਇੰਡਸਟਰੀਅਲ ਅਸਟੇਟ ਬਣਾਉਣਾ ਹੈ, ਜਿੱਥੇ ਲੁਧਿਆਣਾ ਅਤੇ ਆਸ-ਪਾਸ ਇਲਾਕਿਆਂ ਦੇ ਲੋਕਾਂ ਨੂੰ ਵਧੀਆ ਨੌਕਰੀਆਂ ਮਿਲ ਸਕਦੀਆਂ ਹਨ।