Punjab

ਨਵਾਂਸ਼ਹਿਰ ‘ਚ ਸਿੱਧੂ ਦਾ ਫੁੱਲਾਂ ਦੀ ਥਾਂ ਕਾਲੇ ਝੰਡਿਆਂ ਨਾਲ ‘ਸਵਾਗਤ’

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਆਪਣੀ ਕਾਂਗਰਸੀ ਟੀਮ ਦੇ ਨਾਲ ਗਏ ਅਤੇ ਪਿੰਡ ਵਿੱਚ ਬਣੀ ਸ਼ਹੀਦ ਭਗਤ ਸਿੰਘ ਦੀ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕੀਤੀ। ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਵੱਲੋਂ ਖਟਕੜ ਕਲਾਂ ਪਿੰਡ ਵਿੱਚ ਆਉਣ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਸਿੱਧੂ ਦੇ ਨਾਲ ਅੱਠ ਵਿਧਾਇਕ ਵੀ ਨਾਲ ਗਏ, ਜਿਸ ਵਿੱਚ ਵਿਧਾਇਕ ਰਾਜ ਕੁਮਾਰ ਵੇਰਕਾ, ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਵਿਧਾਇਕ ਮੰਗੂਪੁਰ, ਵਿਧਾਇਕ ਕੁਲਜੀਤ ਨਾਗਰਾ, ਵਿਧਾਇਕ ਸੁਖਪਾਲ ਭੁੱਲਰ, ਵਿਧਾਇਕ ਇੰਦਰਬੀਰ ਬੁਲਾਰੀਆ, ਵਿਧਾਇਕ ਗੁਰਪ੍ਰੀਤ ਜੀ.ਪੀ., ਤਰਲੋਚਨ ਸੂੰਧ ਅਤੇ ਲਾਲੀ ਮਜੀਠੀਆ ਸ਼ਾਮਿਲ ਸਨ।

ਜਦੋਂ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਵਰ੍ਹਦੇ ਮੀਂਹ ਵਿੱਚ ਸਿੱਧੂ ਦਾ ਕਾਲੇ ਝੰਡਿਆਂ ਦੇ ਨਾਲ ਵਿਰੋਧ ਕੀਤਾ। ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡ ਲਾਏ ਗਏ। ਕਿਰਤੀ ਕਿਸਾਨ ਯੂਨੀਅਨ ਦੇ ਲੀਡਰਾਂ ਦੇ ਕਹਿਣਾ ਹੈ ਕਿ ਸ਼ਹੀਦਾਂ ਦੀ ਸਮਾਰਕ ‘ਤੇ ਰਾਜਨੀਤੀ ਕਰਨ ਵਾਲਿਆਂ ਦਾ ਉਹ ਖੁੱਲ੍ਹ ਕੇ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਦਿੱਲੀ ਦੀਆਂ ਸਰਹੱਦਾਂ ‘ਤੇ ਵਿਰੋਧ ਕਰ ਰਹੇ ਹਨ ਅਤੇ ਇਹ ਲੋਕ ਪਾਰਟੀ ਦਾ ਪ੍ਰਧਾਨ ਬਣ ਕੇ ਜਸ਼ਨ ਮਨਾ ਰਹੇ ਹਨ।