ਮੁਕਤਸਰ ਸਾਹਿਬ ਦੀ ਧਰਤੀ ਤੋਂ ਇੱਕ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਰਾਲੀ ਨੂੰ ਲਾਈ ਅੱਗ ਨੇ ਇੱਕ ਸਾਲ ਦੀ ਬੱਚੇ ਦੀ ਜਾਨ ਲੈ ਲਈ ਹੈ । ਜਾਣਕਾਰੀ ਮੁਤਾਬਕ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਬਾਜਾ ਮਰਾੜ ਵਿਚ ਮਜ਼ਦੂਰ ਪਰਿਵਾਰ ਦੇ ਇਕ ਸਾਲਾ ਬੱਚੀ ਦੀ ਅੱਗ ਵਿਚ ਝੁਲਸ ਕੇ ਮੌਤ ਹੋ ਗਈ।
ਪਰਵਾਸੀ ਮਜ਼ਦੂਰ ਆਪਣੀ ਪਤਨੀ ਤੇ ਬੱਚਿਆਂ ਨਾਲ ਅਨਾਜ ਮੰਡੀ ’ਚ ਮਜ਼ਦੂਰੀ ਕਰਨ ਵਾਸਤੇ ਆਇਆ ਹੋਇਆ ਸੀ ਤੇ ਉਸ ਨੇ ਪਿੰਡ ਨੇੜੇ ਝੌਂਪੜੀ ਬਣਾਈ ਸੀ। ਇਸ ਦੌਰਾਨ ਖੇਤਾਂ ਵਿੱਚ ਕਣਕ ਦੀ ਨਾੜ ਨੂੰ ਲੱਗੀ ਅੱਗ ਦੀ ਲਪੇਟ ਵਿਚ ਮਜ਼ਦੂਰ ਪਰਿਵਾਰ ਦੀ ਝੁੱਗੀ ਆ ਗਈ।
ਘਟਨਾ ਮੌਕੇ ਘਰ ਵਿਚ ਮਜ਼ਦੂਰ ਦੀ ਪਤਨੀ ਤੇ ਛੋਟੇ ਬੱਚੇ ਸਨ। ਇਸੇ ਦੌਰਾਨ ਅੱਗ ਦੀਆਂ ਲਪਟਾਂ ਨੇ ਝੌਂਪੜੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮਜ਼ਦੂਰ ਦੀ ਪਤਨੀ ਮਦਦ ਲਈ ਰੌਲਾ ਪਾਉਂਦੀ ਬਾਹਰ ਭੱਜੀ ਪਰ ਉਸ ਸਮੇਂ ਤੱਕ ਝੌਂਪੜੀ ਅੱਗ ’ਚ ਸੜ ਕੇ ਸੁਆਹ ਹੋ ਗਈ ਸੀ ਤੇ ਅੰਦਰ ਸੁੱਤੀ ਪਈ ਬੱਚੀ ਵੀ ਸੜ ਗਈ। ਇਸੇ ਘਟਨਾ ਵਿਚ ਉਨ੍ਹਾਂ ਦੀ ਇੱਕ ਦੁਧਾਰੂ ਮੱਝ ਵੀ ਮਾਰੀ ਗਈ।
ਇਹ ਕੋਈ ਪਹਿਲਾ ਮਾਮਲਾ ਨਹੀਂ, ਜਿੱਥੇ ਪਰਾਲੀ ਨੂੰ ਲਾਈ ਅੱਗ ਕਾਰਨ ਕਿਸੇ ਦੀ ਜਾਨ ਗਈ ਹੋਵੇ। ਲੰਘੇ ਕੱਲ੍ਹ ਅੰਮ੍ਰਿਤਸਰ ਦੇ ਲੋਪੋਕੇ ‘ਚ ਪਰਾਲੀ ਨੂੰ ਲਾਈ ਅੱਗੇ ਦੇ ਧੂੰਏਂ ਦੇ ਵਿੱਚ ਬਜ਼ੁਰਗ ਆਪਣੇ ਮੋਟਰਸਾਈਕਲ ਦਾ ਕੰਟਰੋਲ ਗਵਾ ਬੈਠਾ ਅਤੇ ਸੜਦੀ ਹੋਈ ਪਰਾਲੀ ਵਿੱਚ ਜਾ ਡਿੱਗਾ। ਸੜਦੀ ਹੋਏ ਪਰਾਲੀ ਵਿਚ ਬਜ਼ੁਰਗ ਜ਼ਿੰਦਾ ਸਾੜ ਗਿਆ।
ਜਿਸ ਕਾਰਨ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ ਵਾਸੀ ਪਿੰਡ ਕੋਹਾਲਾ ਵਜੋਂ ਹੋਈ ਸੀ। ਖੇਤ ਦੇ ਮਾਲਕ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 304-ਏ, 427, 188 ਦੇ ਤਹਿਤ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।