India

CBSE ਨੇ 12ਵੀਂ ਜਮਾਤ ਦੇ ਨਤੀਜੇ ਐਲਾਨੇ, 87.33% ਵਿਦਿਆਰਥੀ ਹੋਏ ਪਾਸ

ਦਿੱਲੀ : ਸੀਬੀਐਸਸੀ ਨੇ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਸੀਬੀਐਸਈ ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਇਸ ਵਾਰ 87.33 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਸੀਬੀਐਸਈ ਵਿਦਿਆਰਥੀਆਂ ਨੂੰ ਪਹਿਲੀ, ਦੂਜੀ ਅਤੇ ਤੀਜੀ ਡਿਵੀਜ਼ਨ ਨਹੀਂ ਦੇਵੇਗਾ, ਕੋਈ ਮੈਰਿਟ ਸੂਚੀ ਵੀ ਜਾਰੀ ਨਹੀਂ ਕੀਤੀ ਜਾਵੇਗੀ। ਸੀਬੀਐਸਈ ਬੋਰਡ ਨਤੀਜੇ 2023 ਬਾਰੇ ਸੂਚਨਾ ਅਧਿਕਾਰਤ ਵੈੱਬਸਾਈਟ results.cbse.nic.in ‘ਤੇ ਜਾਰੀ ਕੀਤੀ ਗਈ ਹੈ। ਵਿਦਿਆਰਥੀ ਇੱਥੋਂ ਆਪਣਾ ਨਤੀਜਾ ਦੇਖ ਸਕਦੇ ਹਨ।

ਇਸ ਵਾਰ 87.33 ਫੀਸਦੀ ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ, ਜੋ ਕਿ ਪਿਛਲੇ ਸਾਲ ਨਾਲੋਂ 5.38 ਫੀਸਦੀ ਘੱਟ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੋਰਡ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅੰਕਾਂ ਦੇ ਆਧਾਰ ‘ਤੇ ਪਹਿਲੀ, ਦੂਜੀ ਅਤੇ ਤੀਜੀ ਡਵੀਜ਼ਨ ਦੇਣ ਦੀ ਪ੍ਰਕਿਰਿਆ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਵਿਦਿਆਰਥੀਆਂ ਵਿੱਚ ਗੈਰ-ਸਿਹਤਮੰਦ ਮੁਕਾਬਲੇ ਤੋਂ ਬਚਣ ਲਈ ਸੀਬੀਐਸਈ ਕਿਸੇ ਵੀ ਮੈਰਿਟ ਸੂਚੀ ਦਾ ਐਲਾਨ ਨਹੀਂ ਕਰੇਗਾ। ਹਾਲਾਂਕਿ, ਬੋਰਡ ਵੱਖ-ਵੱਖ ਵਿਸ਼ਿਆਂ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 0.1 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਜਾਰੀ ਕਰੇਗਾ।”

ਪਿਛਲੇ ਸਾਲ 92.71 ਫੀਸਦੀ ਵਿਦਿਆਰਥੀਆਂ ਨੇ CBSE ਦੀ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ।

ਇਸ ਵਾਰ ਕੁੜੀਆਂ ਦੀ ਸਮੁੱਚੀ ਪਾਸ ਪ੍ਰਤੀਸ਼ਤਤਾ (90.68%) ਵੀ ਮੁੰਡਿਆਂ (84.67%) ਨਾਲੋਂ 6.01% ਬਿਹਤਰ ਰਹੀ  ਹੈ। 1,12,836 ਵਿਦਿਆਰਥੀਆਂ ਨੇ 90% ਤੋਂ ਉੱਪਰ ਅਤੇ 22,622 ਨੇ 95% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ।