ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਇਤਿਹਾਸਕ ਮਾਲ ਰੋਡ ਨੇੜੇ ਮੱਧ ਬਾਜ਼ਾਰ ਦੇ ਇਕ ਰੈਸਟੋਰੈਂਟ ‘ਚ ਧਮਾਕਾ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਅਤੇ 11 ਜਾਣੇ ਜ਼ਖ਼ਮੀ ਹੋ ਗਏ ਹਨ। ਘਟਨਾ ‘ਚ ਰੈਸਟੋਰੈਂਟ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਿਆ। ਧਮਾਕਾ ਐਨਾ ਜ਼ਬਰਦਸਤ ਸੀ ਕਿ ਮਾਲ ਰੋਡ ‘ਤੇ ਸਥਿਤ ਦੋ ਸ਼ੋਅਰੂਮ ਵੀ ਨੁਕਸਾਨੇ ਗਏ। ਜ਼ਖ਼ਮੀਆਂ ‘ਚੋਂ ਕੁਝ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਆਈਜੀਐਮਸੀ ਹਸਪਤਾਲ ਲਿਜਾਇਆ ਗਿਆ ਹੈ। ਧਮਾਕੇ ਤੋਂ ਬਾਅਦ ਮਾਲ ਰੋਡ ਅਤੇ ਮੱਧ ਬਾਜ਼ਾਰ ‘ਚ ਹਫ਼ੜਾ-ਦਫ਼ੜੀ ਫੈਲ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ।
ਜਾਣਕਾਰੀ ਮੁਤਾਬਕ ਮੰਗਲਵਾਰ ਸ਼ਾਮ ਕਰੀਬ ਸੱਤ ਵਜੇ ਅਚਾਨਕ ਹਿਮਾਚਲ ਰਸੋਈ ਨਾਂ ਦੇ ਰੈਸਟੋਰੈਂਟ ‘ਚ ਧਮਾਕਾ ਹੋਇਆ। ਧਮਾਕਾ ਹੋਣ ਤੋਂ ਬਾਅਦ ਦਰਵਾਜ਼ਾ ਟੁੱਟ ਕੇ ਕਾਰੋਬਾਰੀ ਅਵਨੀਸ਼ ਸੂਦ ਨਾਲ ਟਕਰਾ ਗਿਆ ਅਤੇ ਉਹ ਉੱਡਦੇ ਹੋਏ ਦੂਜੇ ਪਾਸੇ ਦੀ ਕੰਧ ਨਾਲ ਟਕਰਾ ਗਿਆ ਅਤੇ ਉਸ ਦੀ ਮੌਤ ਹੋ ਗਈ। ਇਹ ਹਾਦਸਾ ਮਾਲ ਰੋਡ ’ਤੇ ਪੁਲੀਸ ਕੰਟਰੋਲ ਰੂਮ ਨੇੜੇ ਵਾਪਰਿਆ। ਘਟਨਾ ‘ਚ ਰੈਸਟੋਰੈਂਟ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਿਆ।
ਸ਼ਿਮਲਾ ਦੇ ਡੀ ਸੀ ਅਦਿੱਤਿਆ ਨੇਗੀ ਵੀ ਮੌਕੇ ‘ਤੇ ਪਹੁੰਚੇ ਅਤੇ ਦੱਸਿਆ ਕਿ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 11 ਲੋਕ ਜ਼ਖ਼ਮੀ ਹਨ। ਪ੍ਰਸ਼ਾਸਨ ਨੇ ਪੀੜਤਾਂ ਨੂੰ ਇਕ ਲੱਖ ਰੁਪਏ ਦੀ ਤੁਰੰਤ ਰਾਹਤ ਜਾਰੀ ਕੀਤੀ ਹੈ।
ਸ਼ਿਮਲਾ ਸ਼ਹਿਰ ਦੇ ਵਿਧਾਇਕ ਹਰੀਸ਼ ਜਨਰਥ ਨੇ ਦੱਸਿਆ ਕਿ ਧਮਾਕੇ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ ਅਤੇ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਚੀਫ਼ ਫਾਇਰ ਅਫ਼ਸਰ ਮਹੇਸ਼ ਕੁਮਾਰ ਅਤੇ ਡਵੀਜ਼ਨਲ ਫਾਇਰ ਅਫ਼ਸਰ ਸੰਜੀਵ ਨੇ ਦੱਸਿਆ ਕਿ ਮੌਕੇ ‘ਤੇ ਸਿਲੰਡਰ ਧਮਾਕੇ ਦੇ ਸਬੂਤ ਨਹੀਂ ਮਿਲੇ ਹਨ। ਉਸ ਨੇ ਦੱਸਿਆ ਕਿ ਰਹੱਸਮਈ ਧਮਾਕਾ ਹੋਇਆ। ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ
ਸ਼ਿਮਲਾ ਦੇ ਐੱਸ ਪੀ ਸੰਜੀਵ ਗਾਂਧੀ ਨੇ ਦੱਸਿਆ ਕਿ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਜ਼ਖ਼ਮੀਆਂ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ। ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਫ਼ਿਲਹਾਲ ਸਾਰਾ ਮਾਮਲਾ ਸ਼ੱਕੀ ਬਣਿਆ ਹੋਇਆ ਹੈ। ਕਿਉਂਕਿ ਸ਼ੁਰੂ ਵਿੱਚ ਕਿਹਾ ਜਾ ਰਿਹਾ ਸੀ ਕਿ ਸਿਲੰਡਰ ਧਮਾਕਾ ਹੋਇਆ ਹੈ। ਪਰ ਮੌਕੇ ‘ਤੇ ਅਜਿਹਾ ਕੁਝ ਨਹੀਂ ਮਿਲਿਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਏਸੀ ਦੇ ਕੰਪ੍ਰੈਸਰ ‘ਚ ਧਮਾਕਾ ਹੋਇਆ ਹੈ। ਹਾਲਾਂਕਿ ਇਹ ਜਾਂਚ ਦਾ ਮਾਮਲਾ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਧਮਾਕਾ ਕਿਵੇਂ ਅਤੇ ਕਿਉਂ ਹੋਇਆ।