‘ਦ ਖ਼ਾਲਸ ਟੀਵੀ ਬਿਊਰੋ:- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨਾਲ ਸਮਝੌਤੇ ਦੀ ਗੱਲ ਉਤੇ ਕੈਪਟਨ ਦਾ ਨਾਂ ਸਾਹਮਣੇ ਆਉਣਾ ਤੇ ਇਹ ਕਹਿਣਾ ਕਿ ਅਸੀਂ ਇਸਨੂੰ ਸਾਜਿਸ਼ ਕਹਿ ਰਹੇ ਹਾਂ, ਇਹ ਬਿਲਕੁਲ ਗਲਤ ਹੈ। ਕੋਈ ਵੀ ਕਰਵਾਵੇ, ਫੈਸਲਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਆਵੇਗਾ ਤਾਂ ਅਸੀਂ ਗੱਲ ਕਰਾਂਗੇ। ਸਰਕਾਰਾਂ ਫੋਟੋਆਂ ਪਾ ਕੇ ਸਾਜਿਸ਼ਾਂ ਰਚਦੀਆਂ ਰਹਿੰਦੀਆਂ ਹਨ। ਗੱਲ ਸਾਡੇ ਵੱਲੋਂ ਸੰਯੁਕਤ ਮੋਰਚਾ ਹੀ ਕਰੇਗਾ।ਸਾਡੀ ਕਿਸੇ ਨਾਲ ਗੱਲ ਕਰਵਾ ਦਿਓ ਸਾਨੂੰ ਕੋਈ ਦਿਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਭਰੋਸੇ ਕੋਈ ਪਾਰਟੀ ਨਾ ਬਣਾਵੇ, ਨਾ ਅਸੀਂ ਕਿਸੇ ਲਈ ਕਹਾਂਗੇ ਤੇ ਨਾ ਸਾਨੂੰ ਲੋੜ ਹੈ। ਕਿਸੇ ਦੀ ਵੋਟ ਜਾਂ ਪਾਰਟੀ ਦੇ ਸਬੰਧ ਵਿਚ ਸਾਡੀ ਕੋਈ ਰਾਇ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਜਿਹੜਾ ਲੀਡਰ ਵੀ ਆਇਆ ਹੈ ਅਸੀਂ ਕਿਹਾ ਕਿ ਉਹ ਸਰਕਾਰ ਨੂੰ ਸਿਰਫ ਕਿਸਾਨਾਂ ਦੀ ਮੌਤ ਦਾ ਅਫਸੋਸ ਕਰਾ ਦੇਣ, ਤਾਂ ਮੰਨਾਂਗੇ ਕਿ ਉਨ੍ਹਾਂ ਦਾ ਸਰਕਾਰ ਨਾਲ ਕੋਈ ਸੰਬਧ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਕੈਪਟਨ ਕਿਸ ਪਾਰਟੀ ਵਿਚ ਜਾ ਰਹੇ ਹਨ, ਅਸੀਂ ਇਸ ਗੱਲ ਤੋਂ ਕੀ ਲੈਣਾ ਹੈ। ਉਨ੍ਹਾਂ ਕਿਹਾ ਕਿ ਸਾਡਾ ਕਿਸਾਨਾਂ ਦਾ ਮਾਮਲਾ ਹੈ, ਸਾਡੇ ਕੋਲ ਹੋਰ ਬਹੁਤ ਮਸਲੇ ਹਨ। ਉਨ੍ਹਾਂ ਕਿਹਾ ਸਾਡੀ ਲੜਾਈ ਸਰਕਾਰ ਨਾਲ ਹੈ। ਕਿਹੜਾ ਰਾਜਨੀਤਿਕ ਲੀਡਰ ਕੀ ਕਰ ਰਿਹਾ ਹੈ, ਇਸ ਨਾਲ ਸਾਡਾ ਕੋਈ ਵਾਸਤਾ ਨਹੀਂ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਧਾਨਮੰਤਰੀ ਸਾਫ ਝੂਠ ਬੋਲ ਰਹੇ ਹਨ।