India

ਸਾਂਝਾ ਯੋਗਤਾ ਟੈਸਟ ਹੁਣ ਦੋ ਨਹੀਂ 10 ਭਾਸ਼ਾਵਾਂ ਵਿੱਚ ਹੋਇਆ ਕਰੇਗਾ

‘ਦ ਖ਼ਾਲਸ ਬਿਊਰੋ:- ਕੇਂਦਰ ਸਰਕਾਰ ਸਾਂਝਾ ਯੋਗਤਾ ਟੈਸਟ (CET) 10 ਹੋਰ ਭਾਸ਼ਾਵਾਂ ਵਿੱਚ ਵੀ ਲੈਣ ਲਈ ਯੋਜਨਾਬੰਦੀ ਕਰ ਰਹੀ ਹੈ। ਹੁਣ ਸਿਰਫ਼ ਹਿੰਦੀ ਤੇ ਅੰਗਰੇਜ਼ੀ ਵਿੱਚ ਹੀ ਨਹੀਂ ਬਲਕਿ 10 ਹੋਰ ਭਾਸ਼ਾਵਾਂ ਵਿੱਚ ਵੀ ਵਿਦਿਆਰਥੀ ਟੈਸਟ ਦੇ ਸਕਦੇ ਹਨ। ਇਸ ਤਰ੍ਹਾਂ ਬੈਂਕਿੰਗ, SSC ਤੇ ਰੇਲਵੇ ਵਿੱਚ ਨੌਕਰੀ ਦੇ ਚਾਹਵਾਨ ਨੌਜਵਾਨਾਂ ਨੂੰ ਬਰਾਬਰ ਮੌਕੇ ਮਿਲਣਗੇ।

ਇਸ ਤੋਂ ਬਾਅਦ ਹੌਲੀ-ਹੌਲੀ CET ਹੋਰ ਭਾਸ਼ਾਵਾਂ ਵਿੱਚ ਲਿਆ ਜਾਵੇਗਾ। ਭਾਰਤੀ ਸੰਵਿਧਾਨ ਦੇ ਅੱਠਵੇਂ ਸ਼ਡਿਊਲ ਵਿੱਚ 22 ਭਾਸ਼ਾਵਾਂ ਹਨ। CET ਦਾ ਦਾਇਰਾ ਪਹਿਲਾਂ 12 ਭਾਸ਼ਾਵਾਂ ਨਾਲ ਸ਼ੁਰੂ ਕਰ ਕੇ ਬਾਅਦ ਵਿੱਚ ਵਧਾਇਆ ਜਾਵੇਗਾ। ਇਸ ਟੈਸਟ ਨੂੰ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਨੌਕਰੀਆਂ ਲਈ ਚੋਣ ਕਰਨ ਵੇਲੇ ਵਰਤ ਸਕਦੇ ਹਨ। ਪਰਸੋਨਲ ਤੇ ਸਿਖ਼ਲਾਈ ਵਿਭਾਗ ਵੱਖ-ਵੱਖ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਅੰਕ ਸਾਂਝੇ ਕਰਨ ਬਾਰੇ ਤਾਲਮੇਲ ਕਰ ਰਿਹਾ ਹੈ।