‘ਦ ਖ਼ਾਲਸ ਬਿਊਰੋ :- ਸਨਅਤੀ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ 29 ਦਿਨ ਇਲਾਜ ਕਰਵਾਉਣ ਮਗਰੋਂ ਔਰਤ ਦੀ ਕੋਰੋਨਾ ਰਿਪੋਰਟਾਂ ਤਾਂ ਨੈਗੇਟਿਵ ਆ ਗਈ ਹੈ ਪਰ ਲੱਖਾਂ ਰੁਪਏ ਬਿੱਲ ਨਾ ਦੇਣ ਕਾਰਨ ਉਹ ਦੂਜੇ ਦਿਨ ਵੀ ਘਰ ਨਹੀਂ ਜਾ ਸਕੀ। ਬੀਤੇ ਦਿਨੀਂ ਸੀਐੱਮਸੀ ਹਸਪਤਾਲ ਵਿੱਚ ਉਸ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ ਸੀ। ਪਰ ਇਸ ਦੇ ਨਾਲ ਹੀ ਜਦੋਂ ਹਸਪਤਾਲ ਵੱਲੋਂ 7 ਲੱਖ ਰੁਪਏ ਦਾ ਬਿੱਲ ਦੇ ਦਿੱਤਾ ਗਿਆ ਤਾਂ ਪਰਿਵਾਰ ਵਾਲਿਆਂ ਦੇ ਹੋਸ਼ ਉਡ ਗਏ। ਬਿਰਧ ਔਰਤ ਦੇ ਬਾਕੀ ਪਰਿਵਾਰ ਵਾਲੇ ਵੀ ਕੋਰੋਨਾ ਕਾਰਨ ਜਲੰਧਰ ਵਿੱਚ ਇਕਾਂਤਵਾਸ ਹਨ, ਜਦਕਿ ਉਸ ਦੇ ਪੁੱਤਰ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਸਿਵਲ ਹਸਪਤਾਲ ਜਲੰਧਲਰ ਵਿੱਚ ਇਲਾਜ ਚੱਲ ਰਿਹਾ ਹੈ। ਇਸ ਕਾਰਨ ਦੂਜੇ ਦਿਨ ਵੀ ਜਲੰਧਰ ਤੋਂ ਕੋਈ ਵੀ ਲੁਧਿਆਣਾ ਨਹੀਂ ਆ ਸਕਿਆ। ਉਧਰ, ਬੀਤੇ ਦਿਨੀਂ ਆਈਆਂ ਸਰਕਾਰੀ ਹਦਾਇਤਾਂ ਮੁਤਾਬਕ ਹਸਪਤਾਲ ਨੇ ਬਿੱਲ ਘਟਾ ਕੇ ਬਕਾਇਆ 3 ਲੱਖ 60 ਹਜ਼ਾਰ ਰੁਪਏ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਜਲੰਧਲਰ ਵਾਸੀ 70 ਸਾਲਾ ਔਰਤ ਨੂੰ 24 ਮਾਰਚ ਨੂੰ ਸਨਅਤੀ ਸ਼ਹਿਰ ਦੇ ਸੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਟੈਸਟ ਮਗਰੋਂ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ‘ਤੇ ਡਾਕਟਰਾਂ ਨੇ ਉਸ ਨੂੰ ਆਈਸੋਲੇਸ਼ਨ ਆਈਸੀਯੂ ਵਿੱਚ ਭਰਤੀ ਕਰਕੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ। ਬਿਰਧ ਦੇ ਪੁੱਤਰ ਨੇ ਕਿਹਾ ਕਿ ਇਹ ਬਿੱਲ ਸਰਕਾਰ ਨੂੰ ਦੇਣਾ ਚਾਹੀਦਾ ਸੀ।