India

ਲਖੀਮਪੁਰ ਖੀਰੀ ਹਿੰਸਾ :ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀਆਂ ਵਧੀਆਂ ਮੁਸ਼ਕਿਲਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਵਾਪਰੀ ਹਿੰਸਾ ਦੇ ਮੁੱਖ ਮੁਲਜ਼ਮ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਉਰਫ ਮੋਨੂੰ ਦੀਆਂ ਪਰੇਸ਼ਾਨੀਆਂ ਵਧ ਸਕਦੀਆਂ ਹਨ।ਇਸ ਹਿੰਸਾ ਵਿਚ ਚਾਰ ਕਿਸਾਨਾਂ ਦੀ ਮੌਤ ਮਾਮਲੇ ਦੀ ਤਫਤੀਸ਼ ’ਚ ਤੱਥ ਸਾਹਮਣੇ ਆਏ ਹਨ, ਉਸ ’ਚ ਸਾਫ਼ ਹੈ ਕਿ ਘਟਨਾ ਵਾਲੇ ਦਿਨ ਜੋ ਵੀ ਹੋਇਆ ਉਹ ਕਿਸੀ ਹਾਲਾਤ ਕਾਰਨ ਨਹੀਂ ਸਗੋਂ ਇਕ ਸਾਜਿਸ਼ ਤਹਿਤ ਕੀਤਾ ਗਿਆ ਸੀ। ਇਹ ਕਹਿਣਾ ਹੈ ਘਟਨਾ ਦੀ ਜਾਂਚ ਕਰ ਕਰੇ ਇੰਸਪੈਕਟਰ ਵਿਦਿਆਰਾਮ ਦਾ।

ਸੋਮਵਾਰ ਨੂੰ ਜਾਂਚ ਕਰ ਰਹੇ ਇੰਸਪੈਕਟਰ ਵਿਦਿਆਰਾਮ ਨੇ ਸੀਜੇਐੱਮ ਦੀ ਅਦਾਲਤ ’ਚ ਬੇਨਤੀ ਪੱਤਰ ਦਿੱਤਾ ਹੈ। ਉਨ੍ਹਾਂ ਨੇ ਅਦਾਲਤ ਤੋਂ ਇਜਾਜ਼ਤ ਮੰਗੀ ਕਿ ਇਸ ਵਾਰਦਾਤ ’ਚ ਜਾਨਲੇਵਾ ਹਮਲਾ, ਗੰਭੀਰ ਸੱਟਾਂ ਲਗਾਉਣ ਤੇ ਹਥਿਆਰ ਬਰਾਮਦ ਹੋਣ ਦੀਆਂ ਧਾਰਾਵਾਂ ਵਧਾਈ ਜਾਵੇ। ਅਦਾਲਤ ਨੇ ਮੰਗਲਵਾਰ ਨੂੰ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਤਲਬ ਕੀਤਾ ਹੈ।

ਘਟਨਾ ਦੀ ਜਾਂਚ ਕਰ ਰਹੇ ਇੰਸਪੈਕਟਰ ਨੇ ਕਿਹਾ ਕਿ ਹੁਣ ਤਕ ਦੀ ਜਾਂਚ ’ਚ ਇਹ ਸਾਬਿਤ ਹੋਇਆ ਹੈ ਕਿ ਹਿੰਸਾ ਵਾਲੇ ਦਿਨ ਜੋ ਵੀ ਹੋਇਆ ਉਹ ਇਕ ਸਾਜ਼ਿਸ਼ ਤਹਿਤ ਹੋਇਆ ਹੈ। ਇਸ ਲਈ ਘਟਨਾ ਦੀ ਧਾਰਾ 304ਏ ਖਤਮ ਕੀਤੀ ਜਾਂਦੀ ਹੈ। ਉਸਦੀ ਜਗ੍ਹਾ ਜਾਨਲੇਵਾ ਹਮਲੇ ਦੀ ਧਾਰਾ 307, ਗੰਭੀਰ ਸੱਟਾਂ ਦੇਣ ਦੀ ਧਾਰਾ, ਨਾਜਾਇਜ਼ ਹਥਿਆਰ ਬਰਾਮਦ ਕਰਨ, ਲਾਇਸੈਂਸੀ ਹਥਿਆਰ ਦੀ ਦੁਰਵਰਤੋਂ ਕਰਨ ਸਮੇਤ ਹੋਰ ਕਈ ਧਾਰਾਵਾਂ ਦਾ ਅਪਰਾਧ ਬਣਦਾ ਹੈ। ਸੁਣਵਾਈ ਕਰਦੇ ਹੋਏ ਅਦਾਲਤ ਨੇ ਮੰਗਲਵਾਰ ਨੂੰ ਸਾਰੇ 14 ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।