ਮੋਹਾਲੀ : ਸੋਹਾਣਾ ਵਿੱਚ ਗੰਦੇ ਪਾਣੀ ਦੇ ਟੋਭੇ ਨੇੜੇ ਪਿੱਪਲ ਦੇ ਰੁੱਖ ਥੱਲੇ ਚਾਦਰ ਵਿੱਚ ਇਕ ਨੌਜਵਾਨ ਕੁੜੀ ਦੀ ਲਾਸ਼ ਮਿਲੀ ਸੀ । ਇਹ ਲਾਸ਼ ਨਰਸ ਨਸੀਬ ਕੌਰ ਸੀ । ਪੁਲਿਸ ਨੂੰ ਹੁਣ ਕਤਲ ਦੇ ਇਸ ਮਾਮਲੇ ਵਿੱਚ ਅਹਿਮ ਸੂਬਤ ਹੱਥ ਲੱਗੇ ਹਨ। ਸੀਸੀਟੀਵੀ ਕੈਮਰੇ ਵਿੱਚ ਨਸੀਬ ਕੌਰ ਇੱਕ ਸ਼ਖ਼ਸ ਦੇ ਨਾਲ ਐਕਟਿਵਾ ‘ਤੇ ਵੇਖੀ ਗਈ ਹੈ। ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਐਕਟਿਵਾ ਚੱਲਾ ਰਹੇ ਸ਼ਖ਼ਸ ਦੀ ਪਛਾਣ ਕਰ ਲਈ ਹੈ ਪਰ ਹੁਣ ਤੱਕ ਪੁਲਿਸ ਉਸ ਤੱਕ ਨਹੀਂ ਪਹੁੰਚ ਸਕੀ ਹੈ। ਸਿਰਫ਼ ਉਸ ਦੇ ਕੁਝ ਦੋਸਤਾਂ ਨੂੰ ਪੁੱਛ-ਗਿੱਛ ਦੇ ਲਈ ਹਿਰਾਸਤ ਵਿੱਚ ਲਿਆ ਗਿਆ ਹੈ । ਨਰਸ ਨਸੀਬ ਕੌਰ ਦੇ ਕਤਲ ਵਿੱਚ ਐਕਟਿਵਾ ‘ਤੇ ਸਵਾਰ ਮੁੰਡੇ ਦਾ ਕੀ ਰੋਲ ਸੀ ? ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। ਉਧਰ ਪੁਲਿਸ ਨੇ ਕੁੜੀ ਦੇ ਮੋਬਾਈਲ ਫੋਨ ਦੇ ਡਾਟਾ ਨੂੰ ਵੀ ਖੰਗਾਲਿਆ ਹੈ । ਜਿਸ ਤੋਂ ਪੁਲਿਸ ਦੇ ਹੱਥ ਕਾਫ਼ੀ ਸਬੂਤ ਲੱਗੇ ਹਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕੀ ਮੌਤ ਤੋਂ ਪਹਿਲਾਂ ਉਹ ਕਿਸ ਦੇ ਸੰਪਰਕ ਵਿੱਚ ਸੀ ? ਅਤੇ ਅਖੀਰਲੀ ਵਾਰ ਉਸ ਨੇ ਕਿਸ ਦੇ ਨਾਲ ਗੱਲ ਕੀਤੀ ਸੀ ?
ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਨਰਸ ਨਸੀਬ ਕੌਰ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਹੁਣ ਤੱਕ ਲਾਸ਼ ‘ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਨਜ਼ਰ ਨਹੀਂ ਆਏ ਹਨ। ਪੁਲਿਸ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ ਉਸ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਆਖਿਰ ਨਸੀਬ ਕੌਰ ਦਾ ਕਿਸ ਤਰ੍ਹਾਂ ਨਾਲ ਕਤਲ ਕੀਤਾ ਗਿਆ । ਦੱਸਿਆ ਜਾ ਰਿਹਾ ਹੈ ਨਸੀਬ ਅਬੋਹਰ ਦੀ ਰਹਿਣ ਵਾਲੀ ਸੀ ਅਤੇ ਉਸ ਦੇ ਪਿਤਾ ਮਜ਼ਦੂਰ ਹਨ। ਉਨ੍ਹਾਂ ਦੀਆਂ ਚਾਰ ਧੀਆਂ ਹਨ ਅਤੇ ਨਸੀਬ ਸਭ ਤੋਂ ਛੋਟੀ ਸੀ। ਪਰਿਵਾਰ ਮੁਤਾਬਿਕ ਨਸੀਬ ਨੇ ਕੁਝ ਦਿਨ ਪਹਿਲਾਂ ਹੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਦੀ ਨੌਕਰੀ ਸ਼ੁਰੂ ਕੀਤੀ ਸੀ ਅਤੇ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਪਰਿਵਾਰ ਦਾ ਕਹਿਣਾ ਹੈ ਸ਼ਨਿੱਚਰਵਾਰ ਨੂੰ ਹੀ ਮਾਂ ਨੇ ਨਸੀਬ ਨਾਲ ਗੱਲ ਕਰਦੇ ਹੋਏ ਉਸ ਨੂੰ 23 ਨਵੰਬਰ ਨੂੰ ਭਤੀਜੇ ਦੇ ਜਨਮ ਦਿਨ ਲਈ ਘਰ ਆਉਣ ਲਈ ਕਿਹਾ ਸੀ ।
ਪੁਲਿਸ ਸਾਹਮਣੇ ਸਵਾਲ
ਨਸੀਬ ਕੌਰ ਸੋਹਾਣਾ ਵਿੱਚ ਆਪਣੀ ਸਹੇਲੀ ਨਾਲ ਪੀਜੀ ਵਿੱਚ ਰਹਿੰਦੀ ਸੀ। ਪੁਲਿਸ ਪੀਜੀ ਦੇ ਮਾਲਿਕ ਅਤੇ ਉਸ ਦੀਆਂ ਸਾਥੀ ਸਟਾਫ ਨਰਸਾਂ ਕੋਲੋ ਵੀ ਪੁੱਛ-ਗਿੱਛ ਕਰ ਰਹੀ ਹੈ । ਪੁਲਿਸ ਸਾਹਮਣੇ ਵੱਡਾ ਸਵਾਲ ਇਹ ਹੈ ਕਿ ਆਖਿਰ ਕਿਸ ਨੇ ਅਤੇ ਕਿਸ ਮਕਸਦ ਨਾਲ ਉਸ ਦਾ ਕਤਲ ਕੀਤਾ ? ਕੀ ਨਸੀਬ ਦਾ ਕਿਸੇ ਮੁੰਡੇ ਨਾਲ ਰਿਸ਼ਤਾ ਸੀ ? ਕਿ ਇਸ ਵਜ੍ਹਾ ਨਾਲ ਉਸ ਦਾ ਕਤਲ ਕੀਤਾ ਗਿਆ ? ਜਾਂ ਫਿਰ ਇਸ ਦੇ ਕੋਈ ਹੋਰ ਵਜ੍ਹਾ ਹੈ ਇੰਨਾਂ ਸਾਰੇ ਐਂਗਲ ਦੀ ਪੁਲਿਸ ਜਾਂਚ ਕਰ ਰਹੀ ਹੈ